ਬੜੂ ਸਾਹਿਬ, 5 ਜੁਲਾਈ : ਸਮਾਜ-ਸੇਵੀ ਤੇ ਧਾਰਮਿਕ ਕਾਰਜਾਂ 'ਚ ਅਹਿਮ ਭੂਮਿਕਾ ਨਿਭਾਅ ਰਹੀ ਸੰਸਥਾ ਕਲਗ਼ੀਧਰ ਟਰੱਸਟ, ਬੜੂ ਸਾਹਿਬ ਵੱਲੋਂ ਵੀਹਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਜੀ ਦੇ ਅਨਿਨ ਸੇਵਕ ਅਤੇ ਤਪ-ਸਥਾਨ ਗੁਰਦੁਆਰਾ ਬੜੂ ਸਹਿਬ ਦੇ ਸੰਸਥਾਪਕ️ ਸੰਤ ਬਾਬਾ ਤੇਜਾ ਸਿੰਘ ਜੀ (ਐੱਮ.ਏ., ਐੱਲ.ਐੱਲ.ਬੀ., ਏ.ਐੱਮ. ਹਾਰਵਰਡ) ਦੀ 58ਵੀਂ ਸਲਾਨਾ ਬਰਸੀ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ 5 ਜੁਲਾਈ 2023 ਨੂੰ ਬੜੇ ਪ੍ਰੇਮ-ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾ-ਵਾਚਕਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦਵਾਰਾ ਬੰਗਲਾ ਸਾਹਿਬ, ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰਕੀਰਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਕਾਰਜ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ, ਭਾਈ ਸੁਰਜੀਤ ਸਿੰਘ ਜੀ ਜਥਾ ਗੁਰਦਵਾਰਾ ਜਨਮ ਅਸਥਾਨ ਸੰਤ ਅਤਰ ਸਿੰਘ ਜੀ ਮਹਾਰਾਜ, ਅਨਾਹਦ ਬਾਣੀ ਜਥਾ ਗੁਰਦਵਾਰਾ ਬੜੂ ਸਾਹਿਬ, ਅਕਾਲ ਸਹਾਇ ਨਿਸ਼ਕਾਮ ਸਤਿਸੰਗ ਸਭਾ ਦਿੱਲੀ,ਭਾਈ ਹਰਦੀਪ ਸਿੰਘ ਜੀ ਦਿੱਲੀ ਅਤੇ ਗੁਰਮਤਿ ਬਚਨ ਡਾ: ਦਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਵਾਰਾ ਬੜੂ ਸਾਹਿਬ ਵੱਲੋ ਇਸ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ ਗਈ। ਗਿਆਨੀ ਰਘੁਬੀਰ ਸਿੰਘ ਜੀ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋ ਕਲਗੀਧਰ ਟਰੱਸਟ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਡੇ ਬੱਚੇ ਇਹਨਾਂ ਗੁਰੂਕੁਲਾਂ ਵਿੱਚ ਪੜ੍ਹ ਕੇ ਵਿਦਵਾਨ ਬਣ ਰਹੇ ਹਨ, ਆਪਣੇ ਜੀਵਨ ਵਿੱਚ ਵੱਡੇ-ਵੱਡੇ ਮੁਕਾਮ ਹਾਸਿਲ ਕਰ ਰਹੇ ਹਨ। ਕਲਗੀਧਰ ਟਰੱਸਟ ਦੇ ਸੰਸਥਾਪਕ️ ਸੰਤ ਬਾਬਾ ਤੇਜਾ ਸਿੰਘ ਜੀ ਵੱਲੋ ਜੋ ਸੰਕਲਪ ਕੀਤਾ ਅਤੇ ਬਾਬਾ ਇਕਬਾਲ ਸਿੰਘ ਜੀ ਵੱਲੋ ਅਤੇ ਸਮੂਹ ਟਰੱਸਟ ਵੱਲੋ ਸੰਘਰਸ਼ ਕਰਕੇ ਵਿੱਦਿਆ ਅਤੇ ਧਾਰਮਿਕ ਖੇਤਰ ਵਿੱਚ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ। ਇਸ ਪ੍ਰੋਗਰਾਮ ਵਿੱਚ ਪੰਜਾਬ ਅਤੇ ਬੜੂ ਸਾਹਿਬ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਕਲਗ਼ੀਧਰ ਟਰੱਸਟ, ਬੜੂ ਸਾਹਿਬ ਦੇ ਪ੍ਰੈਜ਼ੀਡੈਂਟ ਡਾ: ਦਵਿੰਦਰ ਸਿੰਘ ਜੀ ਅਤੇ ਵਾਈਸ-ਪ੍ਰੈਜ਼ੀਡੈਂਟ ਜਗਜੀਤ ਸਿੰਘ ਜੀ (ਕਾਕਾ ਵੀਰ ਜੀ) ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ।