ਨਵੀਂ ਦਿੱਲੀ, 10 ਜੂਨ : ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 4 ਯੂਟਿਊਬਰਸ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਐਤਵਾਰ ਦੇਰ ਰਾਤ ਹਸਨਪੁਰ ਗਜਰੌਲਾ ਰੋਡ 'ਤੇ ਇਕ ਆਰਟਿਕਾ ਤੇ ਇਕ ਬੋਲੈਰੋ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ 4 ਯੂਟਿਊਬਰਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਇਸ ਹਾਦਸੇ ਤੋਂ ਬਾਅਦ ਸੜਕ 'ਤੇ ਜਾਮ ਲੱਗ ਗਿਆ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਾਦਸੇ ਵਿਚ ਕਾਰ ਵਿਚ ਸਵਾਰ ਚਾਰ ਯੂਟਿਊਬਰ, ਲੱਕੀ ਚੌਧਰੀ, ਸਲਮਾਨ, ਸ਼ਾਹਰੁਖ ਅਤੇ ਸ਼ਾਹਨਵਾਜ਼ ਦੀ ਮੌਤ ਹੋ ਗਈ। ਇਹ ਚਾਰੇ ਦੋਸਤ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਹਸਨਪੁਰ ਤੋਂ ਗਜਰੌਲਾ ਸਥਿਤ ਆਪਣੇ ਦੋਸਤ ਦਾ ਜਨਮ ਦਿਨ ਮਨਾ ਕੇ ਘਰ ਪਰਤ ਰਹੇ ਸਨ ਪਰ ਕੋਤਵਾਲੀ ਹਸਨਪੁਰ ਦੀ ਮਨੋਤਾ ਚੌਕੀ ਅਧੀਨ ਪੈਂਦੇ ਇਲਾਕੇ ਵਿੱਚ ਹਾਦਸਾ ਵਾਪਰ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ 'ਚ ਮਰਨ ਵਾਲੇ ਚਾਰੇ ਯੂਟਿਊਬਰ ਰਾਉਂਡ 2 ਵਰਲਡ ਯੂਟਿਊਬ ਚੈਨਲ 'ਤੇ ਕਾਮੇਡੀ ਵੀਡੀਓ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਸਨ। ਮ੍ਰਿਤਕਾਂ ਦੀ ਪਛਾਣ ਲੱਕੀ ਚੌਧਰੀ ਪੁੱਤਰ ਬਬਲੂ, ਸਲਮਾਨ ਪੁੱਤਰ ਤਹਿਸੀਮ, ਸ਼ਾਹਰੁਖ ਪੁੱਤਰ ਅਬਾਦਨ ਅਤੇ ਸ਼ਾਹਨਵਾਜ਼ ਪੁੱਤਰ ਮਕਸੂਦ ਵਾਸੀ ਨਵਾਦਾ ਰੋਡ ਗਜਰੌਲਾ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਉਨ੍ਹਾਂ ਦੇ ਦੋਸਤ ਜੈਦ ਅਤੇ ਬਿਲਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਕਾਰ ਬੋਲੈਰੋ ਨਾਲ ਟਕਰਾ ਗਈ ਅਤੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਪਿੱਛੇ ਤੋਂ ਆ ਰਹੀ ਕਾਰ ਨਾਲ ਟਕਰਾ ਗਈ। ਰਾਹਗੀਰਾਂ ਨੇ ਉਸ ਨੂੰ ਨੁਕਸਾਨੀ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਦੇ ਚਾਰ ਦੋਸਤਾਂ ਦੀ ਮੌਤ ਹੋ ਗਈ।