ਸ਼ਿਵਕੁਟੀ, 14 ਜੂਨ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਬੁੱਧਵਾਰ ਸਵੇਰੇ ਕਰੀਬ 8:15 ਵਜੇ ਗੰਗਾ ਨਦੀ 'ਚ ਸ਼ਿਵਕੁਟੀ ਘਾਟ 'ਤੇ ਨਹਾਉਂਦੇ ਸਮੇਂ 4 ਲੋਕ ਡੁੱਬ ਗਏ। ਬਚਾਅ ਮੁਹਿੰਮ ਦੌਰਾਨ ਆਰਏਐਫ ਦੇ ਜਵਾਨ, ਉਨ੍ਹਾਂ ਦੇ ਪੁੱਤਰ-ਧੀ ਅਤੇ ਗੁਆਂਢੀ ਬੱਚੇ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬਿਜਲੀ ਦੇ ਕੱਟ ਕਾਰਨ ਘਰਾਂ ਵਿਚ ਪਾਣੀ ਨਹੀਂ ਸੀ। ਜਿਸ ਕਾਰਨ ਇਹ ਲੋਕ ਘਾਟ 'ਤੇ ਇਸ਼ਨਾਨ ਕਰਨ ਗਏ ਸਨ। ਦਰਅਸਲ, ਰੈਪਿਡ ਐਕਸ਼ਨ ਫੋਰਸ ਦੀ 101 ਬਟਾਲੀਅਨ ਦੇ ਜਵਾਨ ਉਮੇਸ਼ ਆਪਣੇ ਬੇਟੇ ਵਿਵੇਕ (12), ਬੇਟੀ ਸਵੀਟੀ (8) ਅਤੇ ਗੁਆਂਢੀ ਅਭੈ ਪ੍ਰਤਾਪ ਸਿੰਘ ਦੇ ਬੇਟੇ ਅਭਿਨਵ (10) ਦੇ ਨਾਲ ਸਵੇਰੇ 8 ਵਜੇ ਦੇ ਕਰੀਬ ਘਾਟ 'ਤੇ ਪਹੁੰਚੇ ਸਨ। ਸਾਰੇ ਨਦੀ ਵਿਚ ਨਹਾਉਣ ਲਈ ਚਲੇ ਗਏ। ਇਸ ਦੌਰਾਨ ਤਿੰਨੇ ਬੱਚੇ ਡੁੱਬਣ ਲੱਗੇ। ਜਦੋਂ ਉਮੇਸ਼ ਨੇ ਬੱਚਿਆਂ ਦਾ ਰੌਲਾ ਸੁਣਿਆ ਤਾਂ ਉਹ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਹ ਆਪ ਤਿੰਨ ਬੱਚਿਆਂ ਸਮੇਤ ਗੰਗਾ ਵਿਚ ਡੁੱਬ ਗਿਆ।