ਮੱਧ ਪ੍ਰਦੇਸ਼, 28 ਨਵੰਬਰ : ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਵੱਖੋ-ਵੱਖ ਹਿੱਸਿਆਂ ’ਚ ਬੇਮੌਸਮੀ ਮੀਂਹ ਅਤੇ ਬਿਜਲੀ ਡਿੱਗਣ ਨਾਲ 24 ਲੋਕਾਂ ਦੀ ਮੌਤ ਹੋ ਗਈ ਹੈ। ਗੁਜਰਾਤ ’ਚ ਪਿਛਲੇ 24 ਘੰਟਿਆਂ ਦੌਰਾਨ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ’ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਰਾਹਤ ਕਾਰਜਾਂ ’ਚ ਲੱਗਾ ਹੋਇਆ ਹੈ। ਮੀਂਹ ਨੇ ਆਮ ਜਨਜੀਵਨ ’ਤੇ ਬੁਰਾ ਅਸਰ ਪਾਇਆ ਹੈ ਅਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਾਇਆ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਸੋਮਵਾਰ ਨੂੰ ਬਾਰਸ਼ ਘਟਣ ਦੀ ਸੰਭਾਵਨਾ ਹੈ। ਐਸ.ਈ.ਓ.ਸੀ. ਅਧਿਕਾਰੀ ਨੇ ਦਸਿਆ ਕਿ ਦਾਹੋਦ ਜ਼ਿਲ੍ਹੇ ’ਚ ਚਾਰ, ਭਰੂਚ ’ਚ ਤਿੰਨ, ਤਾਪੀ ’ਚ ਦੋ ਅਤੇ ਅਹਿਮਦਾਬਾਦ, ਅਮਰੇਲੀ, ਬਨਾਸਕਾਂਠਾ, ਬੋਟਾਦ, ਖੇੜਾ, ਮਹਿਸਾਨਾ, ਪੰਚਮਹਿਲ, ਸਾਬਰਕਾਂਠਾ, ਸੂਰਤ, ਸੁਰੇਂਦਰਨਗਰ ਅਤੇ ਦੇਵਭੂਮੀ ਦਵਾਰਕਾ ’ਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਦੂਜੇ ਪਾਸੇ ਮੱਧ ਪ੍ਰਦੇਸ਼ ’ਚ ਵੀ ਬਿਜਲੀ ਡਿੱਗਣ ਕਾਰਨ ਪਤੀ-ਪਤਨੀ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਮੁੰਡਾ ਗੰਭੀਰ ਜ਼ਖ਼ਮੀ ਹੋ ਗਿਆ।