ਅਗਰਤਲਾ : ਤ੍ਰਿਪੁਰਾ 'ਚ ਸ਼ੁੱਕਰਵਾਰ ਨੂੰ ਦੋ ਥਾਵਾਂ 'ਤੇ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' 'ਤੇ ਹੋਏ ਹਮਲਿਆਂ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ 12 ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਸੈਂਕੜੇ ਕਾਂਗਰਸੀ ਵਰਕਰ ਦੁਪਹਿਰ ਕਰੀਬ 3.30 ਵਜੇ ਦੱਖਣੀ ਤ੍ਰਿਪੁਰਾ ਜ਼ਿਲ੍ਹੇ ਦੇ ਸੰਤੀਰ ਬਜ਼ਾਰ ਵੱਲ ਮਾਰਚ ਕਰ ਰਹੇ ਸਨ, ਜਦੋਂ ਉਨ੍ਹਾਂ 'ਤੇ ਪਥਰਾਅ ਕੀਤਾ ਗਿਆ। ਕਾਂਗਰਸ ਨੇ ਦੋਸ਼ ਲਾਇਆ ਕਿ ਹਮਲੇ ਪਿੱਛੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਮਰਥਕ ਹਨ। ਸੰਤੀਰ ਬਾਜ਼ਾਰ ਪੁਲਿਸ ਸਟੇਸ਼ਨ ਦੇ ਇੰਚਾਰਜ ਅਨੁਪਮ ਦਾਸ ਨੇ ਦੱਸਿਆ, "ਨੌਜਵਾਨਾਂ ਦੇ ਇੱਕ ਸਮੂਹ ਨੇ ਰੈਲੀ 'ਤੇ ਅਚਾਨਕ ਪਥਰਾਅ ਕੀਤਾ, ਜਿਸ ਵਿੱਚ ਤਿੰਨ ਪੁਲਿਸ ਕਾਂਸਟੇਬਲਾਂ ਸਮੇਤ ਕਈ ਲੋਕ ਜ਼ਖਮੀ ਹੋ ਗਏ।" ਇਸ ਨਾਲ ਲੜਾਈ ਵਰਗੀ ਸਥਿਤੀ ਪੈਦਾ ਹੋ ਗਈ। “ਜਿਵੇਂ ਹੀ ਸਥਿਤੀ ਕਾਬੂ ਤੋਂ ਬਾਹਰ ਹੋਈ, ਪੁਲਿਸ ਨੇ ਨੌਜਵਾਨਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਹੋ ਸਕਦਾ ਹੈ ਕਿ ਇਸ ਦੌਰਾਨ ਕੁਝ ਲੋਕ ਜ਼ਖਮੀ ਹੋ ਗਏ ਹੋਣ," ਦਾਸ ਨੇ ਕਿਹਾ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਛੇ-ਸੱਤ ਕਾਂਗਰਸੀ ਸਮਰਥਕ ਜ਼ਖਮੀ ਹੋਏ ਹਨ, ਪਰ ਇਹ ਗਿਣਤੀ ਵਧਣ ਦੀ ਸੰਭਾਵਨਾ ਹੈ। ਬਾਅਦ 'ਚ ਨਾਰਾਜ਼ ਭਾਜਪਾ ਅਹੁਦੇਦਾਰਾਂ ਤੇ ਸਮਰਥਕਾਂ ਵੱਲੋਂ ਆਪਣੇ ਪਾਰਟੀ ਸਮਰਥਕਾਂ 'ਤੇ ਹੋਏ ਲਾਠੀਚਾਰਜ ਨੂੰ ਲੈ ਕੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਕਾਂਗਰਸੀ ਆਗੂ ਆਸ਼ੀਸ਼ ਸਾਹਾ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ ਪਾਰਟੀ ਦੇ 15 ਵਰਕਰ ਜ਼ਖ਼ਮੀ ਹੋਏ ਹਨ। ਪੱਛਮੀ ਤ੍ਰਿਪੁਰਾ ਦੇ ਪੁਲਿਸ ਸੁਪਰਡੈਂਟ ਸ਼ੰਕਰਦਾਸ ਨੇ ਕਿਹਾ ਕਿ ਪ੍ਰੋਗਰਾਮ ਦਾ ਦੂਜਾ ਪੜਾਅ ਪੱਛਮੀ ਤ੍ਰਿਪੁਰਾ ਜ਼ਿਲ੍ਹੇ ਦੇ ਅਮਾਤਾਲੀ ਵਿਖੇ ਕੀਤਾ ਗਿਆ ਸੀ। ਉਨ੍ਹਾਂ ਕਿਹਾ, "ਇਸ ਘਟਨਾ ਦੇ ਸੰਬੰਧ ਵਿੱਚ ਅਜੇ ਤੱਕ ਕੋਈ ਐਫ਼.ਆਈ.ਆਰ. ਦਰਜ ਨਹੀਂ ਕੀਤੀ ਗਈ, ਪਰ ਪੁਲਿਸ ਇਸ ਘਟਨਾ ਦੀ ਖੁਦ ਜਾਂਚ ਸ਼ੁਰੂ ਕਰੇਗੀ। ਸਥਿਤੀ ਹੁਣ ਕਾਬੂ ਹੇਠ ਹੈ।" ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਦੀਆਂ ਵੱਖ-ਵੱਖ ਸੂਬਾ ਇਕਾਈਆਂ ਕੌਮੀ ਪੱਧਰ ਦੀ 'ਭਾਰਤ ਜੋੜੋ ਯਾਤਰਾ' ਦੇ ਹਿੱਸੇ ਵਜੋਂ ਇਸੇ ਤਰ੍ਹਾਂ ਦੇ ਮਾਰਚਾਂ ਦਾ ਆਯੋਜਨ ਕਰ ਰਹੀਆਂ ਹਨ। ਕਾਂਗਰਸ ਦੀ ਤ੍ਰਿਪੁਰਾ ਇਕਾਈ ਨੇ ਸਾਰੀਆਂ ਸਬ-ਡਿਵੀਜ਼ਨਾਂ ਵਿੱਚ ਅਜਿਹੀਆਂ ਯਾਤਰਾਵਾਂ ਕੀਤੀਆਂ ਹਨ। ਮੁੱਖ ਮੰਤਰੀ ਮਾਨਿਕ ਸਾਹਾ ਨੇ ਕਿਹਾ ਕਿ ਪੁਲਿਸ ਨੂੰ ਹਿੰਸਾ 'ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਗਈ ਹੈ। ਉਨ੍ਹਾਂ ਕਿਹਾ, “ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਹਿੰਸਾ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਿੰਸਾ ਨਾਲ ਕੁਝ ਨਹੀਂ ਹੁੰਦਾ।"