
ਫਰੀਦਕੋਟ 15 ਅਪ੍ਰੈਲ 2025 : ਮੁੱਖ ਖੇਤੀਬਾੜੀ ਅਫ਼ਸਰ ਫਰੀਦਕੋਟ ਡਾ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਰਣਬੀਰ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਦੀ ਅਗਵਾਈ ਹੇਠ ਡਾ ਹਰਿੰਦਰਪਾਲ ਸ਼ਰਮਾ ਖੇਤੀਬਾੜੀ ਵਿਕਾਸ ਅਫਸਰ ਬੀਜ ਫਰੀਦਕੋਟ, ਡਾ. ਜਤਿੰਦਰਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਇਨਫੋਰਸਮੈਂਟ ਅਤੇ ਹਰਜਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਅਧਾਰਿਤ ਜ਼ਿਲਾ ਪੱਧਰੀ ਟੀਮ ਵੱਲੋਂ ਸਾਦਿਕ ਦੇ ਬੀਜ ਅਤੇ ਖਾਦ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਬੀਜ ਡੀਲਰਾਂ ਦੇ ਜਰੂਰੀ ਦਸਤਾਵੇਜ਼ ਅਤੇ ਸਟਾਕ ਚੈੱਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਬੀਜ ਐਕਟ ਤੇ ਬੀਜ ਕੰਟਰੋਲ ਆਰਡਰ 1983 ਅਧੀਨ ਜ਼ਰੂਰੀ ਵਸਤਾਂ ਐਕਟ 1955 ਤਹਿਤ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਕਾਨੂੰਨ ਦੀਆਂ ਉਲੰਘਣਾਵਾਂ ਕਰਨ ਵਾਲੇ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਚੈਕਿੰਗ ਦੌਰਾਨ ਟੀਮ ਇੰਚਾਰਜ ਡਾ ਰਣਬੀਰ ਸਿੰਘ ਵੱਲੋਂ ਬੀਜ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਬੀਜ ਵੇਚਦੇ ਸਮੇਂ ਪੱਕੇ ਬਿੱਲ ਜਾਰੀ ਕਰਨ ਅਤੇ ਹਰ ਫ਼ਸਲ ਦਾ ਮਿਆਰੀ ਬੀਜ ਹੀ ਸੇਲ ਕਰਨ ਅਤੇ ਖਾਸ ਤੌਰ 'ਤੇ ਝੋਨੇ ਦਾ ਬੀਜ ਜਾਇਜ ਰੇਟ ਉਪਰ ਹੀ ਸੇਲ ਕਰਨ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਲਾ-ਬਾਜ਼ਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਕੋਈ ਵੀ ਗੈਰ ਸਿਫਾਰਿਸ਼ੀ ਝੋਨੇ ਦੇ ਹਾਈਬ੍ਰਿਡ ਬੀਜ ਦੀ ਵਿਕਰੀ ਕਿਸਾਨਾਂ ਨੂੰ ਨਾ ਕੀਤੀ ਜਾਵੇ।ਉਹਨਾਂ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪ੍ਰਮਾਣਿਤ ਕਿਸਮਾਂ ਦੇ ਬੀਜ ਪ੍ਰਮਾਣਿਤ ਅਦਾਰਿਆਂ ਤੋਂ ਹੀ ਖਰੀਦਣ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਬੀਜ ਡੀਲਰ ਵੱਲੋਂ ਪੱਕਾ ਬਿੱਲ ਨਹੀਂ ਦਿੱਤਾ ਜਾਂਦਾ ਜਾਂ ਕੋਈ ਹੋਰ ਸਮੱਸਿਆ ਆਉਂਦੀ ਹੈ ਤਾਂ ਇਸ ਨੂੰ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ।