
- ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸੇਵਾਵਾਂ ‘ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ
- ਕਿਹਾ, ਇੰਤਕਾਲ, ਵੰਡ, ਜਮ੍ਹਾਂਬੰਦੀਆਂ ਅਤੇ ਨਿਸ਼ਾਨਦੇਹੀ ਦੇ ਮਾਮਲਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਨੇਪਰੇ ਚਾੜ੍ਹਿਆ ਜਾਵੇ
ਮਾਲੇਰਕੋਟਲਾ 09 ਅਪ੍ਰੈਲ 2025 : ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦੀ ਰੀਵਿਊ ਮੀਟਿੰਗ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਐਸ. ਡੀ.ਐਮ.ਹਰਬੰਸ ਸਿੰਘ, ਐਸ.ਡੀ.ਐਮ ਰਾਕੇਸ਼ ਪ੍ਰਕਾਸ਼, ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ, ਡੀ.ਡੀ.ਪੀ.ਓ ਰਿੰਪੀ ਗਰਗ,ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਕਲੇਰ, ਨਾਇਬ ਤਹਿਸੀਲਦਾਰ ਕਮਲਜੀਤ, ਨਾਇਬ ਤਹਿਸ਼ੀਲਦਾਰ ਚਰਨਜੀਤ ਕੌਰ,ਜ਼ਿਲ੍ਹਾ ਆਈ.ਟੀ ਮੈਨੇਜਰ ਮੋਨਿਕਾ ਸਿੰਗਲਾ, ਸਦਰ ਕਾਨੂੰਗੋ ਰਣਜੀਤ ਸਿੰਘ ਤੋਂ ਇਲਾਵਾ ਦਫਤਰ ਦੀਆਂ ਵੱਖ- ਵੱਖ ਸ਼ਾਖਾਵਾਂ ਦੇ ਕਰਮਚਾਰੀ ਹਾਜਰ ਸਨ। ਲੋਕਾਂ ਦੇ ਸਮੇਂ ਦੀ ਬੱਚਤ ਕਰਨ ਲਈ ਅਤੇ ਵਿਭਾਗਾਂ ਵਿਚ ਬੇਲੋੜੀ ਖੱਜਲ ਖ਼ੁਆਰੀ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਲਈ ਅਧਿਕਾਰੀਆਂ ਨੂੰ ਸਰਗਰਮ ਯੋਗਦਾਨ ਪਾਉਣ ਦੀ ਲੋੜ ਤੇ ਜੋਰ ਦਿੰਦਿਆ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਨਾਗਰਿਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਹੋਰ ਹਦਾਇਤ ਕੀਤੀ ਕਿ ਇੰਤਕਾਲ, ਵੰਡ,ਜਮ੍ਹਾਂਬੰਦੀਆਂ ਅਤੇ ਨਿਸ਼ਾਨਦੇਹੀ ਦੇ ਮਾਮਲਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਸਮਾਂਬੱਧ ਤਰੀਕੇ ਨਾਲ ਨਿਪਟਾਉਣ ਲਈ ਇੱਕ ਮੁਹਿੰਮ ਦੇ ਤੌਰ 'ਤੇ ਕੰਮ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਸਾਰੇ ਕੰਮ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਮੇਂ ਸਿਰ ਪੂਰੇ ਕਰਨ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼ ਵਿਭਾਗੀ ਪੜਤਾਲਾਂ ਦੇ ਬਕਾਇਆ ਕੇਸਾਂ ਨੂੰ ਜਲਦੀ ਤੋਂ ਜਲਦੀ ਨੇਪਰੇ ਚੜ੍ਹਾਉਣ ਯਕੀਨੀ ਬਣਾਉਣ ਕਿਹਾ। ਉਹਨਾਂ ਤਹਿਸੀਲਾਂ ਦੀ ਨਿਯਮਿਤ ਸਮੀਖਿਆ ਕਰਨ ਅਤੇ ਨਾਇਬ ਤਹਿਸੀਲਦਾਰਾਂ ਨੂੰ ਆਪਣੇ ਸਰਕਲ ਦੀ ਨਿਯਮਿਤ ਤੌਰ ਤੇ ਸਮੀਖਿਆ ਕਰਦੇ ਰਹਿਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਮੁੜ ਹਦਾਇਤ ਕੀਤੀ ਮਾਲ ਵਿਭਾਗ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਲੋਕ ਹਿੱਤਾਂ ਨੂੰ ਮੁੱਖ ਰੱਖ ਕੇ ਆਪਣਾ ਕੰਮ ਸਮਾਂਬੱਧ ਤਰੀਕੇ ਸਮੂਹ ਅਧਿਕਾਰੀਆਂ ਨਾਲ ਕੰਮ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਹੱਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ।