
ਲੁਧਿਆਣਾ 9 ਅਪ੍ਰੈਲ, 2025 : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਖੁਰਾਕ ਕਾਊਂਸਲਿੰਗ ਸੈੱਲ ਵਿਖੇ ਪ੍ਰਯੋਗਾਂ ਰਾਹੀਂ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਵਿਸ਼ਵ ਸਿਹਤ ਦਿਵਸ ਦੇ ਮੌਕੇ ਤੇ ਪੀ.ਏ.ਯੂ. ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਲਈ ਇਕ ਪ੍ਰਦਰਸ਼ਨੀ ਲਾਈ| ਇਸ ਪ੍ਰਦਰਸ਼ਨੀ ਦਾ ਉਦੇਸ਼ ਸਿਹਤ ਅਤੇ ਤੰਦਰੁਸਤੀ ਲਈ ਜਾਗਰੂਕਤਾ ਫੈਲਾਉਣਾ ਸੀ| ਇਸ ਦੌਰਾਨ ਵਿਦਿਆਰਥੀਆਂ ਨੇ ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ ਤਰੀਕਿਆਂ ਨੂੰ ਅਪਣਾ ਕੇ ਸ਼ੋਸ਼ਲ ਮੀਡੀਆ ਵੱਲੋਂ ਫੈਲਾਏ ਜਾ ਰਹੇ ਭਰਮਜਾਲ ਦੀ ਥਾਂ ਬਿਹਤਰ ਜੀਵਨ ਆਦਤਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ| ਵਿਦਿਆਰਥੀਆਂ ਨੇ ਸਿਹਤ ਲਈ ਢੁੱਕਵੇਂ ਭੋਜਨ ਨੂੰ ਪ੍ਰਦਰਸ਼ਿਤ ਵੀ ਕੀਤਾ ਅਤੇ ਨਾਲ ਹੀ ਘੱਟ ਖਰਚੇ ਵਿਚ ਸਿਹਤਮੰਦ ਭੋਜਨ ਜੋ ਫੈਟ, ਚੀਨੀ ਅਤੇ ਨਮਕ ਦੇ ਨਾਲ-ਨਾਲ ਪ੍ਰੋਸੈੱਸਡ ਨਾਲ ਹੋਵੇ, ਬਾਰੇ ਢੁੱਕਵੇਂ ਸੁਝਾਅ ਦਿੱਤੇ| ਵਿਦਿਆਰਥੀਆਂ ਨੇ ਸੰਤੁਲਿਤ ਖੁਰਾਕ ਦੇ ਸਰੀਰ ਅਤੇ ਮਨ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਗੱਲ ਵੀਕੀਤੀ| ਇਸ ਦੌਰਾਨ ਪੋਸਟਰ ਅਤੇ ਚਾਰਟ ਬਣਾ ਕੇ ਚੰਗੀ ਜੀਵਨ-ਜਾਚ ਨੂੰ ਲੋਕਾਂ ਤੱਕ ਪ੍ਰਸਾਰਿਤ ਕੀਤਾ ਗਿਆ| ਖੁਰਾਕ ਵਿਗਿਆਨ ਦੇ ਵਿਦਿਆਰਥੀਆਂ ਨੇ ਲੋਕਾਂ ਵੱਲੋਂ ਖੁਰਾਕ ਸੰਬੰਧੀ ਕੀਤੀ ਜਾਣ ਵਾਲੀ ਪੁੱਛਗਿਛ ਦੇ ਢੁੱਕਵੇਂ ਜਵਾਬ ਦਿੱਤੇ| ਹਰ ਭਾਗ ਲੈਣ ਵਾਲੇ ਵਿਅਕਤੀ ਦੇ ਸਰੀਰਕ ਸੰਤੁਲਨ ਨੂੰ ਮਾਪਿਆ ਗਿਆ ਅਤੇ ਇਸਦੇ ਅਨੁਸਾਰ ਹੀ ਉਹਨਾਂ ਦੇ ਸਿਹਤ ਦੀ ਲੋੜ ਅਤੇ ਖੁਰਾਕ ਸੰਬੰਧੀ ਸੁਝਾਅ ਦਿੱਤੇ ਗਏ| ਕਾਲਜ ਦੇ ਡੀਨ ਡਾ. ਕਿਰਨ ਬੈਂਸ ਇਸ ਮੌਕੇ ਆਪਣੇ ਕਰ-ਕਮਲਾਂ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ| ਉਹਨਾਂ ਨੇ ਵਿਦਿਆਰਥੀਆਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਅਜੋਕੇ ਸਮੇਂ ਵਿਚ ਲੰਮੇਰੇ ਅਤੇ ਸਿਹਤਮੰਦ ਜੀਵਨ ਜੀਣ ਲਈ ਚੰਗੀ ਖੁਰਾਕ ਅਤੇ ਆਦਤਾਂ ਦੇ ਮਹੱਤਵ ਬਾਰੇ ਗੱਲ ਕੀਤੀ| ਨਾਲ ਹੀ ਉਹਨਾਂ ਨੇ ਉਮਰ ਦੇ ਵੱਖ-ਵੱਖ ਪੜਾਵਾਂ ਵਿਚ ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਦੇ ਗੁਣਾਂ ਬਾਰੇ ਦੱਸਿਆ| ਭੋਜਨ ਅਤੇ ਪੋਸ਼ਣ ਵਿਭਾਗ ਦੇ ਖੁਰਾਕ ਕਾਊਂਸਲਿੰਗ ਸੈੱਲ ਵੱਲੋਂ ਕਰਵਾਏ ਜਾਣ ਵਾਲੇ ਸੈਸ਼ਨਾਂ ਉੱਪਰ ਵੀ ਡਾ. ਬੈਂਸ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ| ਵਿਦਿਆਰਥੀਆਂ ਵੱਲੋਂ ਤਿਆਰ ਉਤਪਾਦਾਂ ਦੀ ਵਿਕਰੀ ਨੇ ਉਹਨਾਂ ਦੇ ਉੱਦਮ ਦਾ ਪ੍ਰਗਟਾਵਾ ਕੀਤਾ|