
ਸ੍ਰੀ ਫ਼ਤਹਿਗੜ੍ਹ ਸਾਹਿਬ, 08 ਅਪ੍ਰੈਲ (ਹਰਪ੍ਰੀਤ ਸਿੰਘ ਗੁੱਜਰਵਾਲ) : ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ , ਲਿੰਗ ਦੀ ਜਾਂਚ ਅਤੇ ਬੱਚੀ ਭਰੂਣ ਹੱਤਿਆ ਨੂੰ ਰੋਕਣ ਅਤੇ ਸਮਾਜ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਵਿੱਚ ਪੀਸੀਪੀਐਨਡੀਟੀ ਦੀ ਜਿਲ੍ਹਾ ਐਡਵਾਇਜਰੀ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ। ਕਮੇਟੀ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਬਤੌਰ ਏਜੰਡਾ ਮੀਟਿੰਗ ਵਿੱਚ ਸ਼ਾਮਿਲ ਕੀਤਾ ਗਿਆ ਜਿਨਾਂ ਉੱਪਰ ਵਿਸਥਾਰ ਸਹਿਤ ਚਰਚਾ ਕਰਨ ਉਪਰੰਤ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਤੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਲਈ , ਲਿੰਗ ਦੀ ਜਾਂਚ ਤੇ ਬੱਚੀ ਭਰੂਣ ਹੱਤਿਆ ਨੂੰ ਰੋਕਣ ਲਈ ਆਮ ਲੋਕਾਂ ਨੂੰ ਪ੍ਰੇਰਿਤ ਕਰਕੇ ਲੋਕ ਲਹਿਰ ਚਲਾਈ ਜਾਵੇ ਕਿਉਂਕਿ ਆਮ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾਂ ਭਰੂਣ ਹੱਤਿਆ ਵਰਗੇ ਕਲੰਕ ਨੂੰ ਮਿਟਾਉਣਾ ਅਸੰਭਵ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਰਕਾਰ ਵੱਲੋਂ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਦੇ ਹੱਕ ਦਿੱਤੇ ਗਏ ਹਨ , ਅਤੇ ਸਰਕਾਰ ਲੜਕੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ ਇਸ ਲਈ ਲੋਕਾਂ ਨੂੰ ਕੁੜੀ ਅਤੇ ਮੁੰਡੇ ਵਿੱਚ ਫਰਕ ਨਹੀਂ ਸਮਝਣਾ ਚਾਹੀਦਾ ਅਤੇ ਇਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜਾਉਣ ਵਿੱਚ ਸਿਹਤ ਵਿਭਾਗ ਦੀ ਮਦਦ ਕਰਨੀ ਚਾਹੀਦੀ ਹੈ। ਜ਼ਿਲਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫਸਰ ਡਾ ਦਲਜੀਤ ਕੌਰ ਨੇ ਕਿਹਾ ਕਿ ਸਕੂਲਾਂ , ਸਿਹਤ ਕੇਂਦਰਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾ ਕੇ ਲੜਕੀਆਂ ਨੂੰ ਉਹਨਾਂ ਦੇ ਹੱਕਾਂ ਸਬੰਧੀ ਜਾਗਰੂਕ ਕੀਤਾ ਜਾਵੇ, ਉਹਨਾਂ ਮੀਟਿੰਗ ਦੌਰਾਨ ਹਾਜ਼ਰ ਹੋਏ ਸਵੈ ਸੇਵੀ ਸੰਸਥਾਵਾਂ ਦੇ ਸਮੂਹ ਮੈਂਬਰਾਂ ਨੂੰ ਵੀ ਸਮਾਜ ਵਿੱਚ ਜਾਗਰੂਕਤਾ ਕੈਂਪ ਲਗਾਉਣ ਅਤੇ ਇਹਨਾਂ ਕੈਂਪਾਂ ਵਿੱਚ ਸਿਹਤ ਵਿਭਾਗ ਦੀ ਸਮੂਲੀਅਤ ਕਰਵਾਉਣ ਸਬੰਧੀ ਵੀ ਕਿਹਾ। ਇਸ ਮੌਕੇ ਤੇ ਕਮੇਟੀ ਦੇ ਸਮੂਹ ਮੈਂਬਰ ਹਾਜਰ ਸਨ।