ਅੰਮਿ੍ਤਸਰ, 23 ਮਈ : ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਦੱਸਿਆ ਕਿ ਪੰਜਾਬ ਵਿੱਚ ਸੜਕਾਂ ਦਾ ਨਿਰਮਾਣ ਕਾਰਜ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਕੁੱਝ ਸੜਕਾਂ ਦੀ ਚੌੜਾਈ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਕੁੱਝ ਨਵੀਆਂ ਸੜਕਾਂ ਦੇ ਨਾਲ ਨਾਲ ਸੜਕਾਂ ਉਤੇ ਲੁੱਕ ਪਾਉਣ ਦਾ ਕੰਮ ਹੋ ਰਿਹਾ ਹੈ, ਜਿਸ ਨੂੰ ਬਰਸਾਤ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ। ਅੱਜ ਖਾਨ ਕੋਟ ਵਿਖੇ ਗਾਰਡਨ ਇਨਕਲੇਵ ਵਿੱਚ ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰਨ ਪੁੱਜੇ ਸ ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਸੰਪਰਕ ਸੜਕਾਂ ਦੀ ਚੌੜਾਈ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਦੇ ਚੱਲਦੇ ਵਿਭਾਗ ਪੜਾਅ ਵਾਰ ਇਹ ਕੰਮ ਪੂਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਇਸ ਮੁੱਖ ਸੜਕ ਨੂੰ ਬਨਾਉਣ ਦਾ ਕੰਮ ਸੁਰੂ ਕੀਤਾ ਗਿਆ ਹੈ, ਇਸ ਉਤੇ ਕਰੀਬ 45 ਲੱਖ ਰੁਪਏ ਦੀ ਲਾਗਤ ਆਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕ ਕੇਵਲ ਲਾਂਘਾ ਨਹੀਂ, ਬਲਕਿ ਇਹ ਅਰਥਵਿਵਸਥਾ ਦੀ ਰੀੜ ਦੀ ਹੱਡੀ ਹਨ, ਕਿਉਂਕਿ ਇਸ ਨਾਲ ਸਮੁੱਚੇ ਖੇਤਰ ਦਾ ਵਿਕਾਸ ਤੇ ਕਾਰੋਬਾਰ ਜੁੜਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਰਾਜ ਨੂੰ ਸਰਵੋਤਮ ਬਨਾਉਣ ਦੇ ਨਾਲ ਨਾਲ ਇਸ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਵੀ ਹੈ। ਇਸ ਮੌਕੇ ਅੰਮਿ੍ਤਸਰ ਪੂਰਬੀ ਦੇ ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ ਨੇ ਇਸ ਸੜਕ ਦੀ ਸ਼ੁਰੂਆਤ ਲਈ ਸ ਹਰਭਜਨ ਸਿੰਘ ਦਾ ਧੰਨਵਾਦ ਕਰਦੇ ਕਿਹਾ ਕਿ ਮੇਰੀ ਕੋਸ਼ਿਸ਼ ਪੂਰਬੀ ਹਲਕੇ ਨੂੰ ਖੁਸ਼ਹਾਲ ਵੇਖਣ ਦੀ ਹੈ ਅਤੇ ਇਸ ਖੁਸ਼ੀ ਤੇ ਵਿਕਾਸ ਵਿੱਚ ਸੜਕਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੱਲਾ ਮੰਡੀ ਵਾਲੇ ਰੇਲਵੇ ਲਾਈਨ ਉਤੇ ਪੁੱਲ ਬਨਾਉਣ ਨਾਲ ਮੇਰੇ ਇਲਾਕਾ ਵਾਸੀਆਂ ਨੂੰ ਰਾਹਤ ਮਿਲੀ ਹੈ ਅਤੇ ਹੁਣ ਵਾਰੀ ਦੂਸਰੀਆਂ ਸੜਕਾਂ ਦੀ ਹੈ, ਜਿਸ ਨੂੰ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ।