- ਪੰਚਾਇਤ ਭਵਨ ਵਿਖੇ ਐੱਸ.ਐੱਸ.ਟੀ ਅਤੇ ਐਫ.ਐੱਸ.ਟੀ ਟੀਮਾਂ ਨੂੰ ਦਿੱਤੀ ਟਰੇਨਿੰਗ
ਗੁਰਦਾਸਪੁਰ, 14 ਮਾਰਚ : ਅਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਚੋਣ ਖਰਚਾ ਨਿਗਰਾਨ ਟੀਮਾਂ ਦੀ ਵਿਸ਼ੇਸ਼ ਟਰੇਨਿੰਗ ਕਰਵਾਈ ਗਈ। ਐੱਸ.ਡੀ.ਐੱਮ ਬਟਾਲਾ ਸ੍ਰੀਮਤੀ ਸ਼ਾਇਰੀ ਮਲਹੋਤਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਵਿੱਚ ਨਿਯੁਕਤ ਸਟੈਟਿਕ ਸਰਵੀਲੈਂਸ ਟੀਮਾਂ (ਐੱਸ.ਐੱਸ.ਟੀ) ਅਤੇ ਫਲਾਇੰਗ ਸਕੂਐਡ ਟੀਮਾਂ (ਐਫ.ਐੱਸ.ਟੀ) ਦੇ ਮੈਂਬਰਾਂ ਨੂੰ ਇਹ ਟਰੇਨਿੰਗ ਪ੍ਰਦਾਨ ਕੀਤੀ ਗਈ। ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਾ ਕਿਸੇ ਸਮੇਂ ਵੀ ਐਲਾਨ ਹੋਣਾ ਸੰਭਵ ਹੈ ਇਸ ਲਈ ਅਗਾਮੀ ਲੋਕ ਸਭਾ ਚੋਣਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਹੁਣ ਤੋਂ ਹੀ ਪੂਰੀ ਤਰ੍ਹਾਂ ਤਿਆਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤਾ ਗਿਆ ਹਰ ਛੋਟੇ ਤੋਂ ਛੋਟਾ ਖਰਚਾ ਵੀ ਨੋਟ ਕੀਤਾ ਜਾਵੇਗਾ, ਇਸ ਲਈ ਖਰਚਾ ਨਿਰੀਖਣ ਪ੍ਰਬੰਧ ਦੀਆਂ ਟੀਮਾਂ ਆਪਣੀ ਡਿਊਟੀ ਨੂੰ ਚੰਗੀ ਤਰ੍ਹਾਂ ਸਮਝ ਲੈਣ। ਟਰੇਨਿੰਗ ਦੌਰਾਨ ਫਲਾਇੰਗ ਸਿਕਊਰਟੀ, ਸਟੈਟਿਕ ਸਰਵੇ ਲੈਸ ਟੀਮ, ਵੀ.ਡੀ.ਓ ਸਰਵੇਲੈਂਸ ਟੀਮ, ਬੀ.ਡੀ.ਓ ਵੀਊਇੰਗ ਟੀਮ, ਐਕਸਾਈਜ਼ ਟੀਮ ਅਤੇ ਅਕਾਊਟਿੰਗ ਟੀਮ ਨੂੰ ਵੀ ਉਨ੍ਹਾਂ ਦੇ ਕੰਮ ਸਬੰਧੀ ਵਿਸਥਾਰ ਵਿੱਚ ਟਰੇਨਿੰਗ ਦਿੱਤੀ ਗਈ। ਇਸ ਮੌਕੇ ਉਨ੍ਹਾਂ ਸਾਰੀਆਂ ਟੀਮਾਂ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਵੱਲੋਂ ਤਿਆਰ ਕੀਤਾ ਗਿਆ ਕਿਤਾਬਚਾ ਚੰਗੀ ਤਰ੍ਹਾਂ ਪੜ੍ਹ ਲੈਣ ਤਾਂ ਜੋ ਉਨ੍ਹਾਂ ਨੂੰ ਚੋਣਾਂ ਦੌਰਾਨ ਕੰਮ ਕਰਨ ਵਿੱਚ ਅਧੂਰੀ ਜਾਣਕਾਰੀ ਕਾਰਨ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚੋਣ ਕਮਿਸ਼ਨ ਵੱਲੋਂ ਸਮੇਂ ਸਮੇਂ ਤੇ ਹੋਣ ਵਾਲੀਆਂ ਹਦਾਇਤਾਂ ਨੂੰ ਪੜ੍ਹਦੇ ਰਹਿਣ ਤਾਂ ਜੋ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ਵਨੀ ਅਰੋੜਾ, ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ, ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਗੁਰਦੇਵ ਸਿੰਘ ਧਾਮ, ਤਹਿਸੀਲਦਾਰ ਚੋਣਾ ਸ. ਮਨਜਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।