- ਉਸਮਾਨਪੁਰ ਸਿਟੀ, ਬਟਾਲਾ ਵਿਖੇ ਕਾਰਡ ਬਣਾਉਣ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ
ਬਟਾਲਾ, 31 ਜੁਲਾਈ : ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦੀ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ। ਇਸ ਮੁਹਿੰਮ ਤਹਿਤ ਉਸਮਾਨਪੁਰ ਸਿਟੀ ਬਟਾਲਾ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਯੋਗ ਲਾਭਪਤਾਰੀਆਂ ਦੇ ਸਿਹਤ ਬੀਮਾਂ ਯੋਜਨਾ ਦੇ ਕਾਰਡ ਬਣਾ ਕੇ ਦਿੱਤੇ ਗਏ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਰੋਮੀ ਰਾਜਾ, ਚੇਅਰਮੈਨ ਨਰੇਸ਼ ਗੋਇਲ, ਪਰਵੀਨ ਕੁਮਾਰ ਇੰਚਾਰਜ,ਕਾਮਨ ਸਰਵਿਸ ਸੈਂਟਰ, ਐਮ ਸੀ ਬਲਵਿੰਦਰ ਸਿੰਘ ਮਿੰਟਾਂ , ਸਰਦੂਲ ਸਿੰਘ,ਰਾਕੇਸ਼ ਤੁਲੀ, ਹਰਪ੍ਰੀਤ ਸਿੰਘ ਮਾਨ, ਪਵਨ ਕੁਮਾਰ , ਗਗਨ ਬਟਾਲਾ,ਮਲਕੀਤ ਸਿੰਘ, ਨਿੱਕੂ ਹੰਸਪਾਲ, ਮਾਣਿਕ ਮਹਿਤਾ ਆਦਿ ਮੌਜੂਦ ਸਨ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਸਸਤਾ ਅਨਾਜ ਕਾਰਡ ਧਾਰਕ ਪਰਿਵਾਰਾਂ, ਜੇ ਫਾਰਮ ਧਾਰਕ ਕਿਸਾਨ ਪਰਿਵਾਰਾਂ, ਛੋਟੇ ਵਪਾਰੀਆਂ, ਰਜਿਸਟਰਡ ਉਸਾਰੀ ਮਜ਼ਦੂਰਾਂ ਅਤੇ ਐਕਰੀਡੇਟਿਡ/ਯੈਲੋ ਕਾਰਡ ਧਾਰਕ ਪੱਤਰਕਾਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਲੋੜਵੰਦ ਪਰਿਵਾਰਾਂ ਲਈ ਬਹੁਤ ਵਧੀਆ ਹੈ ਅਤੇ ਲੋੜ ਪੈਣ `ਤੇ ਕਾਰਡ ਧਾਰਕ ਪਰਿਵਾਰ ਸੂਬੇ ਦੇ 900 ਤੋਂ ਵੱਧ ਸਰਕਾਰੀ ਅਤੇ ਪਰਾਈਵੇਟ ਹਸਪਤਾਲਾਂ ਵਿਚ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਿੰਡ-ਪਿੰਡ ਜਾ ਕੇ ਯੋਗ ਲਾਭਪਤਾਰੀਆਂ ਦੇ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਜਰੂਰ ਬਣਾਉਣ।