- ਜੰਗਲਾਤ ਵਿਭਾਗ ਨਵੇਂ ਬੱਸ ਅੱਡੇ ਵਿੱਚ 2000 ਪੌਦੇ ਲਗਾਵੇਗਾ
ਗੁਰਦਾਸਪੁਰ, 8 ਅਗਸਤ: ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਜੀਵ ਸ਼ਰਮਾਂ ਦੀ ਅਗਵਾਈ ਹੇਠ ਵਣ ਵਿਭਾਗ ਅਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਵੱਲੋਂ ਅੱਜ ਗੁਰਦਾਸਪੁਰ ਦੇ ਉਸਾਰੀ ਅਧੀਨ ਨਵੇਂ ਬੱਸ ਸਟੈਂਡ ਵਿਖੇ ਵਣ-ਮਹਾਂਉਤਸਵ ਮਨਾਇਆ ਗਿਆ। ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਚੇਅਰਮੈਨ ਸ੍ਰੀ ਰਜੀਵ ਸ਼ਰਮਾਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਨਵੇਂ ਬੱਸ ਅੱਡੇ ਵਿੱਚ 2000 ਪੌਦੇ ਲਗਾਏ ਜਾਣਗੇ। ਸ੍ਰੀ ਸ਼ਰਮਾਂ ਨੇ ਕਿਹਾ ਕਿ ਜਿਸ ਤਰਾਂ ਆਲਮੀ ਤਪਸ ਵਿੱਚ ਵਾਧਾ ਹੋ ਰਿਹਾ ਹੈ ਅਜਿਹੇ ਹਾਲਤ ਵਿੱਚ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਪੌਦੇ ਲਗਾ ਕੇ ਵਾਤਾਵਰਨ ਵਿੱਚ ਆਏ ਵਿਗਾੜ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਹਰਾ-ਭਰਾ ਬਣਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਵੀ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਖਾਲੀ ਥਾਵਾਂ ਵਿੱਚ ਮਿੰਨੀ ਜੰਗਲ ਵੀ ਉਗਾਏ ਜਾ ਰਹੇ ਹਨ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਈ.ਓ. ਸ੍ਰੀ ਮਨੋਜ ਕੁਮਾਰ, ਜ਼ਿਲ੍ਹਾ ਜੰਗਲਾਤ ਅਫ਼ਸਰ ਸ੍ਰੀ ਅਤੁਲ ਕੁਮਾਰ, ਰੇਂਜ ਅਫ਼ਸਰ ਬਖਸ਼ੀਸ਼ ਸਿੰਘ, ਕੰਵਲਜੀਤ ਸਿੰਘ, ਅਵਨੀਤ ਸਿੰਘ ਤੋਂ ਇਲਾਵਾ ਹੋਰ ਕਰਮਚਾਰੀ ਅਤੇ ਕਲੋਨੀ ਵਾਸੀ ਹਾਜ਼ਰ ਸਨ।