ਸ਼੍ਰੀ ਹਰਗੋਬਿੰਦਪੁਰ, 17 ਅਗਸਤ : ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਧੀਰੋਵਾਲ ਵਿੱਚ ਬਰਸਾਤੀ ਨਾਲੇ ਵਿੱਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਇਹ ਦੋਵੇਂ ਬੱਚੇ ਨਾਲੇ ਕੋਣ ਪਾਣੀ ਦੇਖਣ ਗਏ ਸਨ ਪਾਣੀ ਦੀ ਚਪੇਟ ਵਿਚ ਆ ਗਏ। ਜਾਣਕਾਰੀ ਮੁਤਾਬਕ 14 ਸਾਲਾ ਜਸਕਰਨ ਸਿੰਘ ਕਰਨ ਪੁੱਤਰ ਬਲਦੇਵ ਸਿੰਘ ਅਤੇ 13 ਸਾਲਾ ਦਿਲਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਜੋ ਪਿੰਡ ਧੀਰੋਵਾਲ ਦੇ ਰਹਿਣ ਵਾਲੇ ਸਨ, ਬੀਤੀ ਸ਼ਾਮ ਇਹ ਦੋਵੇਂ ਜਾਣੇ ਸਾਈਕਲ ’ਤੇ ਆਪਣੇ ਘਰੋਂ ਪਿੰਡ ਧੀਰੋਵਾਲ ਦੇ ਨਜ਼ਦੀਕ ਖੇਤਾਂ ਵਿੱਚ ਆਏ ਦਰਿਆ ਬਿਆਸ ਦੇ ਪਾਣੀ ਨੂੰ ਦੇਖਣ ਗਏ ਸਨ। ਜਦੋਂ ਦੇਰ ਸ਼ਾਮ ਤੱਕ ਇਹ ਦੋਵੇਂ ਘਰ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਵੀ ਭਾਲ ਸ਼ੁਰੂ ਕਰ ਦਿੱਤੀ ਜੋ ਸਾਰੀ ਰਾਤ ਜਾਰੀ ਰਹੀ। ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਪਿੰਡ ਧੀਰੋਵਾਲ ਦੇ ਨਜ਼ਦੀਕ ਨੀਵੇਂ ਇਲਾਕੇ ਦੇ ਖੇਤਾਂ ਕਿਨਾਰੇ ਸਾਈਕਲ ਅਤੇ ਬੱਚਿਆਂ ਦੀ ਚੱਪਲਾਂ ਦਿਖਾਈ ਦਿੱਤੀਆਂ ਤਾਂ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਓਥੇ ਸਰਚ ਅਭਿਆਨ ਚਲਾਇਆ ਗਿਆ। ਜਦੋਂ ਗੋਤਾਖੋਰਾਂ ਨੇ ਖੇਤ ਵਿੱਚ ਖੜ੍ਹੇ ਪਾਣੀ ਵਿੱਚ ਗੋਤਾ ਲਗਾਇਆ ਤਾਂ ਇਨ੍ਹਾਂ ਦੋਵਾਂ ਬੱਚਿਆਂ ਦੀਆਂ ਲਾਸ਼ਾ ਬਰਾਮਦ ਹੋ ਗਈਆਂ। ਡੀਐਸਪੀ ਸ੍ਰੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਦੱਸਿਆ ਕਿ ਬੀਤੀ ਸ਼ਾਮ 13 ਸਾਲਾ ਦਿਲਪ੍ਰੀਤ ਅਤੇ 14 ਸਾਲਾ ਜਸਕਰਨ ਵਾਸੀ ਪਿੰਡ ਧੀਰੋਵਾਲ ਨੇੜਲੇ ਬਰਸਾਤੀ ਨਾਲੇ ਵਿੱਚ ਪਾਣੀ ਦੇਖਣ ਗਏ ਸਨ ਪਰ ਇਸ ਦੌਰਾਨ ਪੈਰ ਫਿਸਲਣ ਕਾਰਨ ਉਹ ਪਾਣੀ ਵਿੱਚ ਡਿੱਗ ਪਏ। ਹਨੇਰਾ ਹੋਣ ਕਾਰਨ ਕੱਲ੍ਹ ਬੱਚਿਆਂ ਨੂੰ ਲੱਭਣ ਵਿੱਚ ਦਿੱਕਤ ਆਈ ਪਰ ਅੱਜ ਸਵੇਰੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਕੇ ਲਈਆਂ ਗਈਆਂ ਹਨ।