- ਸਰਕਾਰੀ ਵਿੱਦਿਅਕ ਸੰਸਥਾਵਾਂ ਵਿਚ ਦਿਵਿਆਂਗ ਬੱਚਿਆਂ ਲਈ 5 ਪ੍ਰਤੀਸ਼ਤ ਸੀਟਾਂ ਰਿਜ਼ਰਵ
- ਸਰਕਾਰ ਵੱਲੋਂ ਦਿਵਿਆਂਗਜਨ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ
ਗੁਰਦਾਸਪੁਰ, 1 ਜੂਨ : ਪੰਜਾਬ ਸਰਕਾਰ ਵੱਲੋਂ ਦਿਵਿਆਂਗ ਵਿਅਕਤੀ ਅਧਿਕਾਰ ਐਕਟ-2016 ਰਾਹੀਂ ਦਿਵਿਆਂਗਜਨ ਨੂੰ ਉਹਨਾਂ ਦੇ ਹੱਕਾਂ ਦੀ ਰਾਖੀ ਅਤੇ ਭਲਾਈ ਲਈ ਵੱਖ-ਵੱਖ ਸੁਵਿਧਾਵਾਂ/ਵਿਵਸਥਾਵਾਂ ਦਾ ਉਪਬੰਧ ਕੀਤਾ ਗਿਆ ਹੈ। ਇਸ ਐਕਟ ਅਧੀਨ 06 ਸਾਲ ਤੋਂ 18 ਸਾਲ ਦੀ ਉਮਰ ਤੱਕ ਦੇ ਹਰ ਇਕ ਦਿਵਿਆਂਗ ਬੱਚੇ ਨੂੰ ਸਰਕਾਰੀ ਸਕੂਲਾਂ ਜਾਂ ਸ਼ਪੈਸ਼ਲ ਸਕੂਲਾਂ ਵਿਚ ਬਿਨਾਂ ਕਿਸੇ ਭੇਦਭਾਵ ਤੋਂ ਦਾਖਲੇ ਅਤੇ ਮੁਫਤ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਨੇ ਸਰਕਾਰੀ ਵਿੱਦਿਅਕ ਸੰਸਥਾਵਾਂ ਵਿਚ ਦਿਵਿਆਂਗ ਬੱਚਿਆਂ ਲਈ 5 ਪ੍ਰਤੀਸ਼ਤ ਸੀਟਾਂ ਰਿਜ਼ਰਵ ਹਨ ਅਤੇ ਦਾਖਲੇ ਲਈ ਉਪਰਲੀ ਸੀਮਾ ਵਿਚ 5 ਸਾਲ ਦੀ ਛੋਟ ਹੈ। ਇਸਦੇ ਨਾਲ ਹੀ ਖੇਡਾਂ ਅਤੇ ਮੰਨੋਰੰਜਨ ਕਿਰਿਆਵਾਂ ਵਿਚ ਬਿਨਾਂ ਕਿਸੇ ਭੇਦਭਾਵ ਤੋਂ ਭਾਗ ਲੈਣ ਦੀ ਸੁਵਿਧਾ ਹੈ ਅਤੇ ਉਹਨਾਂ ਨੂੰ ਲੋੜ ਅਨੁਸਾਰ ਸਹੂਲਤਾਂ ਅਤੇ ਰਿਹਾਇਸ ਦਾ ਪ੍ਰਬੰਧ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸੁਣਨ, ਬੋਲਣ ਜਾਂ ਦੇਖਣ ਤੋਂ ਅਸਮਰੱਥ ਵਿਦਿਆਰਥੀਆਂ ਨੂੰ ਉੱਚਿਤ ਭਾਸ਼ਾ ਅਤੇ ਸੰਚਾਰ ਤੋਂ ਸਹੀ ਮਾਧਿਆਮ ਰਾਹੀਂ ਪੜ੍ਹਾਉਣਾ, 18 ਸਾਲ ਦੀ ਉਮਰ ਤੱਕ ਉਹਨਾਂ ਦੀ ਪੜ੍ਹਾਈ ਲਈ ਮੁਫ਼ਤ ਸਿੱਖਣ ਸਮੱਗਰੀ, ਵਿਸ਼ੇਸ਼ ਸਿੱਖਿਅਕ, ਵਜੀਫੇ ਦੀ ਸਹੂਲਤ ਅਤੇ ਸਹਾਈ ਯੰਤਰ ਰਾਹੀਂ ਦੀ ਸੁਵਿਧਾ ਹੈ। ਇਸ ਤੋਂ ਇਲਾਵਾ ਇਮਤਹਾਨ ਦੇਣ ਸਮੇ ਸਾਰੇ ਦਿਵਿਆਂਗ ਵਿਦਿਆਰਥੀਆਂ ਨੂੰ ਵਿਸੇਸ਼ ਸਹੂਲਤਾਂ ਜਿਵੇਂ ਵਾਧੂ ਸਮਾਂ, ਦੂਜੀ/ਤੀਜੀ ਭਾਸ਼ਾ ਵਿਚ ਛੋਟ ਅਤੇ ਮੁਫਤ ਲਿਖਾਰੀ ਦੀ ਸੁਵਿਧਾ ਹੈ । ਇਸ ਤੋਂ ਇਲਾਵਾ ਸਾਰੀਆਂ ਸਰਕਾਰੀ ਭਰਤੀਆਂ ਵਿੱਚ ਦਿਵਿਆਗਤਾਂ ਦੀ ਰਿਜ਼ਰਵੇਸ਼ਨ 3 ਪ੍ਰਤੀਸ਼ਤ ਤੋਂ ਵੱਧ ਕੇ 4 ਪ੍ਰਤੀਸ਼ਤ ਹੋ ਚੁੱਕੀ ਹੈ, ਜਿਸ ਵਿੱਚ ਦੇਖਣ ਤੋਂ ਅਸਮਰੱਥ ਜਾਂ ਘੱਟ ਦਿਖਾਈ ਦੇਣ ਵਾਲੇ ਦਿਵਿਆਗਾਂ ਲਈ 1 ਪ੍ਰਤੀਸ਼ਤ, ਸੁਣਨ ਤੋਂ ਅਮਸਰੱਥ ਜਾਂ ਘੱਟ ਸੁਣਾਈ ਦੇਣ ਵਾਲੇ ਦਿਵਿਆਗਾਂ ਲਈ 1 ਪ੍ਰਤੀਸ਼ਤ, ਲੋਕੋਮੋਟਰ ਡਿਸਏਬਿਲਟੀ (ਸੈਰੇਬਲ ਪਾਲਸੀ, ਲੈਪਰੋਸੀ ਅਤੇ ਐਸਿਡ ਅਟੈਕ ਆਦਿ) ਦਿਵਿਆਗਾਂ ਲਈ 1 ਪ੍ਰਤੀਸ਼ਤ ਅਤੇ ਬੌਧਿਕ ਦਿਵਿਆਗਤਾ ਲਈ ਵੀ 1 ਪ੍ਰਤੀਸ਼ਤ ਰਾਖਵਾਂਕਰਨ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਦਿਵਿਆਂਗਜਨ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਵਜ਼ੀਫਾ ਸਕੀਮ ਤਹਿਤ ਪੇਂਡੂ ਖੇਤਰ ਦੀਆਂ ਦਸਵੀ ਪੱਧਰ ਤੱਕ ਦੀਆਂ ਵਿਦਿਆਰਥਣਾਂ ਲਈ ਸਲਾਨਾ 2500 ਰੁਪਏ ਅਤੇ ਦਸਵੀਂ ਤੋਂ ਉੱਪਰ ਦੀਆਂ ਵਿਦਿਆਰਥਣਾਂ ਲਈ ਸਲਾਨਾ 3000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੇਂਡੂ/ਸ਼ਹਿਰੀ ਖੇਤਰ ਦੇ ਦਿਵਿਆਂਗ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਵੀ ਵਜੀਫੇ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਪੇਂਡੂ/ਸ਼ਹਿਰੀ ਖੇਤਰ ਦੇ ਵਜ਼ੀਫੇ ਅਧੀਨ ਪਹਿਲੀ ਤੋਂ ਅੱਠਵੀਂ ਤੱਕ ਦੇ ਦਿਵਿਆਂਗਜਨ ਵਿਦਿਆਰਥੀਆਂ ਲਈ ਸਲਾਨਾ 2400 ਰੁਪਏ, ਨੌਵੀਂ ਤੋਂ ਬਾਰਵੀਂ ਤੱਕ ਦੇ ਦਿਵਿਆਂਗਜਨ ਵਿਦਿਆਰਥੀਆਂ ਲਈ ਸਲਾਨਾ 3600 ਰੁਪਏ ਵਜ਼ੀਫਾ ਦਿੱਤਾ ਜਾਦਾ ਹੈ। ਇਸ ਸਬੰਧੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਦਿਵਆਂਗਜਨ ਵਿਦਿਆਰਥੀਆਂ ਦੀ ਗਿਣਤੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਉਸ ਅਨੁਸਾਰ ਸਰਕਾਰ ਤੋਂ ਮੰਗ ਕੀਤੀ ਜਾ ਸਕੇ ਅਤੇ ਪ੍ਰਾਪਤ ਹੋਏ ਸਾਰੇ ਦਿਵਿਆਂਗਜਨ ਵਿਦਿਆਰਥੀਆਂ ਨੂੰ ਵਜੀਫੇ ਦੀ ਮਦਦ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਦਿੱਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸ਼ਕਾਲਰਸ਼ਿਪ ਸਕੀਮ ਦਾ ਲਾਹਾ ਲੈਣ ਲਈ ਆਰ.ਪੀ.ਡਲਬਯੂ.ਡੀ.ਐਕਟ ਅਨੁਸਾਰ ਘੱਟ ਤੋਂ ਘੱਟ 40 ਪ੍ਰਤੀਸ਼ਤ ਦਿਵਿਆਂਗਤਾ ਹੋਣਾ ਜਰੂਰੀ ਹੈ। ਇਸ ਸਬੰਧੀ ਦਿਵਿਆਂਗਜਨਾਂ ਦੇ ਮਾਪਿਆਂ ਨੂੰ ਅਪੀਲ ਹੈ ਕਿ ਉਕਤ ਸਕੀਮ ਦਾ ਲਾਹਾ ਲੈਂਣ ਲਈ ਆਪਣੇ ਸਕੂਲ ਦੇ ਮੁਖੀਆਂ ਨਾਲ ਤਾਲਮੇਲ ਜਰੂਰ ਰੱਖਿਆ ਜਾਵੇ ਤਾਂ ਜੋ ਕੋਈ ਵੀ ਦਿਵਿਆਂਗ ਵਿਦਿਆਰਥੀ ਵਜ਼ੀਫੇ ਦੀ ਸਕੀਮ ਤੋਂ ਵਾਝਾਂ ਨਾ ਰਹਿ ਸਕੇ।