ਗੁਰਦਾਸਪੁਰ, 5 ਮਈ : ਪੁਲਿਸ ਜਿਲਾ ਬਟਾਲਾ ਵਲੋਂ ਇਕ ਐਸੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਜੋ ਲੁੱਟ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਂਦਾ ਸੀ ਅਤੇ ਇਹ ਗੈਂਗ ਚਲਾ ਰਹੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਪੁਲਿਸ ਵਲੋਂ ਇਹਨਾਂ ਕੋਲੋਂ ਦੋ ਗੱਡੀਆਂ , 5 ਮੋਟਰਸਾਈਕਲ ਅਤੇ 4 ਪਿਸਤੌਲਾਂ ਅਤੇ ਜਿੰਦਾ ਕਾਰਤੂਸ ਬਰਾਮਦ ਹੋਇਆ ਹਨ । ਜ਼ਿਕਰਯੋਗ ਹੈ ਕਿ ਬੀਤੇ ਕਲ ਦੇਰ ਰਾਤ ਅੰਮ੍ਰਿਤਸਰ - ਪਠਾਨਕੋਟ ਹਾਈਵੇ ਇਸ ਗੈਂਗ ਵਲੋਂ ਪਿਸਤੌਲ ਦੀ ਨੋਕ ਤੇ ਬਟਾਲਾ ਦੇ ਇਕ ਕਾਰੋਬਾਰੀ ਦੀ ਗੱਡੀ ਦੀ ਖੋਹ ਕੀਤੀ ਸੀ ਅਤੇ ਉਸ ਕਾਰੋਬਾਰੀ ਨੂੰ ਗੋਲੀ ਮਾਰ ਜਖਮੀ ਕਰ ਫਰਾਰ ਹੋ ਗਏ ਸਨ | ਉਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਗੈਂਗ ਮੈਂਬਰਾਂ ਵਲੋਂ ਪਹਿਲਾ ਵੀ ਜਿਲਾ ਅੰਮ੍ਰਿਤਸਰ ਅਤੇ ਹੋਰਨਾਂ ਇਲਾਕੇ ਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ। ਉਥੇ ਹੀ ਇਸ ਮਾਮਲੇ ਤੋਂ ਇਲਾਵਾ ਇਕ ਕਤਲ ਅਤੇ ਹੋਰਨਾਂ ਵਾਰਦਾਤਾਂ ਚ ਵਾੰਟੇਡ ਗੈਂਗਸਟਰ ਨੂੰ ਵੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਜਿਲਾ ਬਟਾਲਾ ਦੀ ਐਸਐਸਪੀ ਅਸ਼ਵਨੀ ਗੁਟਿਆਲ ਵਲੋਂ ਅੱਜ ਪ੍ਰੈਸ ਕਾੰਫ਼੍ਰੇੰਸ ਕਰ ਦਾਅਵਾ ਕੀਤਾ ਗਿਆ ਕਿ ਜੋ ਉਹਨਾਂ ਦੇ ਪੁਲਿਸ ਜਿਲਾ ਬਟਾਲਾ ਚ ਇਕ ਕਾਰੋਬਾਰੀ ਤੇ ਫਾਇਰ ਕਰ ਜਖਮੀ ਕਰਨ ਤੋਂ ਬਾਅਦ ਗੱਡੀ ਦੀ ਖੋਹ ਕਰ ਫਰਾਰ ਹੋਏ ਗੈਂਗਸਟਰਾਂ ਨੂੰ ਕੁਝ ਘੰਟੇ ਅੰਦਰ ਹੀ ਉਹਨਾਂ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ। ਐਸਐਸਪੀ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ ਉਹਨਾਂ ਵਲੋਂ ਉਕਤ ਰਣਜੋਧ ਸਿੰਘ ਗੈਂਗ ਨਾਮ ਨਾਲ ਜਾਣੇ ਜਾਂਦੇ ਇਸ ਗੈਂਗ ਦੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਕੋਲੋਂ ਖੋਹ ਕੀਤੀਆਂ 2 ਗੱਡੀਆਂ ਅਤੇ 5 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਇਹਨਾਂ ਕੋਲੋਂ 4 ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ ,ਜਿਹਨਾਂ ਨਾਲ ਇਹਨਾਂ ਵਲੋਂ ਵਾਰਦਾਤਾਂ ਨੂੰ ਅੰਜਾਮ ਦਿਤਾ ਜਾਂਦਾ ਸੀ, ਉਥੇ ਹੀ ਐਸਐਸਪੀ ਨੇ ਦੱਸਿਆ ਕਿ ਇਹ ਗੈਂਗ ਪਿਸਤੌਲ ਦੀ ਨੋਕ ਤੇ ਪੈਸੇ ਖੋਹਣ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਚੁਕੇ ਹਨ ਅਤੇ ਇਹਨਾਂ ਵਲੋਂ ਅੰਮ੍ਰਿਤਸਰ , ਮਜੀਠਾ ਇਲਾਕੇ ਚ ਕਈ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ ਅਤੇ ਇਹਨਾਂ ਖਿਲਾਫ ਪਹਿਲਾ ਹੀ ਵੱਖ ਵੱਖ 10 ਅਪਰਾਧਿਕ ਮਾਮਲੇ ਦਰਜ ਹਨ ਉਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹਨਾਂ ਖਿਲਾਫ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹ ਉਮੀਦ ਹੈ ਕਿ ਕੀਤੀ ਜਾ ਰਹੀ ਪੁੱਛਗਿੱਛ ਚ ਹੋਰ ਵੀ ਖੁਲਾਸੇ ਹੋਣਗੇ | ਇਸ ਦੇ ਨਾਲ ਹੀ ਬਟਾਲਾ ਪੁਲਿਸ ਵਲੋਂ ਇਕ ਕਤਲ ਦੇ ਮਾਮਲੇ ਚ ਫਰਾਰ ਗੈਂਗਸਟਰ ਸੁਖਰਾਜ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਇਸ ਗੈਂਗਸਟਰ ਦੇ ਖਿਲਾਫ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।