ਅੰਮ੍ਰਿਤਸਰ, 19 ਅਕਤੂਬਰ 2024 : ਸ੍ਰੀ ਦਰਬਾਰ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਰਹੀ ਹੈ, ਜਿੱਥੇ ਇਕ ਸ਼ਰਧਾਲੂ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਦਰਅਸਲ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਇੱਕ ਬਜ਼ੁਰਗ ਨੇ ਜਾਣ ਬੁਝ ਕੇ ਸਰੋਵਰ ਵਿੱਚ ਛਾਲ ਮਾਰ ਦਿੱਤੀ। ਜਿਸ ਨੂੰ ਟਾਸਕ ਫੋਰਸ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਬਚਾਇਆ। ਫਿਲਹਾਲ ਬਜ਼ੁਰਗ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅੱਜ ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਲੱਖਾਂ ਸੰਗਤਾਂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ ਹਨ। ਇੱਥੇ ਅਚਾਨਕ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਬਜ਼ੁਰਗ ਵਿਅਕਤੀ ਨੇ ਸਰੋਵਰ ਵਿੱਚ ਛਾਲ ਮਾਰ ਦਿੱਤੀ। ਜਾਣਕਾਰੀ ਅਨੁਸਾਰ ਉਕਤ ਬਜ਼ੁਰਗ ਵੱਲੋਂ ਮਰਨ ਦੀ ਨੀਅਤ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਛਾਲ ਮਾਰੀ ਗਈ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਅਤੇ ਟਾਸਕ ਫੋਰਸ ਟੀਮ ਨੇ ਮਿਲ ਬਜ਼ੁਰਗ ਨੂੰ ਸਰੋਵਰ ਵਿੱਚੋਂ ਬਾਹਰ ਕੱਢ ਲਿਆ। ਜਿਸ ਤੋਂ ਬਾਅਦ ਬਜ਼ੁਰਗ ਨੂੰ ਮੁੱਢਲੀ ਸਹਾਇਤਾ ਦੇ ਕੇ ਹੋਸ਼ ‘ਚ ਲਿਆਂਦਾ ਗਿਆ, ਫਿਰ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਪੁਲਿਸ ਨੇ ਬਜ਼ੁਰਗ ਨੂੰ ਇਲਾਜ ਲਈ ਹਸਪਤਾਲ ਭੇਜਿਆ ਹੈ।