ਸੁਲਤਾਨਪੁਰ ਲੋਧੀ : ਓਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਰਣਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਟਰਾਅ ਬਰਨਿੰਗ ਸਬੰਧੀ ਨਿਯੁਕਤ ਕੀਤੇ ਗਏ ਕੁਆਰਡੀਨੇਟਰ ਅਤੇ ਨੋਡਲ ਅਫ਼ਸਰਾਂ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ । ਐੱਸ ਡੀ ਐੱਮ ਰਣਦੀਪ ਸਿੰਘ ਗਿੱਲ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਹਨ ਕਿ ਕਿਸਾਨਾਂ ਨੂੰ ਸਮਝਾ ਕੇ ਝੋਨੇ ਦੀ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਜੇਕਰ ਉਹ ਨਹੀਂ ਮੰਨਦੇ ਤਾਂ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਗ ਲਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਉਥੇ ਉਸ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਟਨ ਪਰਾਲੀ ਸਾੜਨ ਨਾਲ 70 ਫ਼ੀਸਦੀ ਕਾਰਬਨ ਡਾਇਆਕਸਾਈਡ, 7 ਫ਼ੀਸਦੀ ਕਾਰਬਨ ਮੋਨੋ- -ਆਕਸਾਈਡ, 2.09 ਫ਼ੀਸਦੀ ਨਾਈਟ੍ਰੋਜਨ ਅਤੇ 0.66 ਫ਼ੀਸਦੀ ਮੀਥੇਨ ਗੈਸ ਪੈਦਾ ਹੁੰਦੀ ਹੈ ਜਿਸ ਨਾਲ ਇਨਸਾਨ ਦੀ ਸਿਹਤ, ਜਨ ਜੀਵਨ ਅਤੇ ਆਵਾਜਾਈ ਪ੍ਰਭਾਵਤ ਹੁੰਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਅਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਅਤੇ ਜੇਕਰ ਫਿਰ ਵੀ ਉਹ ਨਹੀਂ ਮੰਨਦੇ ਤਾਂ ਰੈੱਡ ਐਂਟਰੀ ਕੀਤੀ ਜਾਵੇ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਫਸਲਾਂ ਦੇ ਬਚੇ ਹੋਏ ਹਿੱਸੇ ਨੂੰ ਸਾੜਣ ਕਾਰਨ ਪ੍ਰਦੂਸ਼ਣ ਪੈਦਾ ਹੁੰਦਾ ਹੈ ਅਤੇ ਇਸਦੇ ਨਾਲ ਸਿਹਤ ਤੇ ਵੀ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ ਇਸ ਲਈ ਜਰੂਰੀ ਹੋ ਗਿਆ ਹੈ ਕਿ ਪਰਾਲੀ ਨੂੰ ਸੜਣ ਤੋਂ ਰੋਕਣ ਸੰਬੰਧੀ ਗੰਭੀਰਤਾ ਨਾਲ ਡਿਉਟੀ ਨਿਭਾਈ ਜਾਵੇ। ਇਸ ਮੌਕੇ ਬਲਾਕ ਅਧਿਕਾਰੀ ਅਸ਼ਵਨੀ ਕੁਮਾਰ ਨੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਅਤੇ ਜ਼ਮੀਨ ਚ ਵਾਹੀ ਲਈ ਪੈਡੀ ਸਟਰਾਅ ਚੌਪਰ, ਮਲਚਰ, ਬੇਲਰ ਆਦਿ ਵਰਤਣ ਦੀ ਸਲਾਹ ਦਿੱਤੀ ਉਨ੍ਹਾਂ ਕਿਹਾ ਕਿ ਸੁਸ਼ਮਿਤਾ ਸਬਸਿਡੀ ਦਿੱਤੀ ਜਾ ਰਹੀ ਹੈ। ਹੈਪੀਸੀਡਰ ਅਤੇ ਜ਼ੀਰੋ ਡਰਿੱਲ ਮਸ਼ੀਨ ਦੇ ਨਾਲ ਕਣਕ ਦੀ ਬਿਜਾਈ ਬਿਨਾਂ ਪਰਾਲੀ ਸਾੜੇ ਅਤੇ ਬਿਨਾਂ ਜ਼ਮੀਨ ਵਾਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਥੋੜ੍ਹੇ ਜਿਹੇ ਫ਼ਾਇਦੇ ਲਈ ਕਿਸਾਨ ਇਨਸਾਨੀ ਜ਼ਿੰਦਗੀ ਨੂੰ ਪ੍ਰਦੂਸ਼ਣ ਦੇ ਹਵਾਲੇ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨਾ ਸਾੜਨ ਕਿਉਂਕਿ ਜਿੱਥੇ ਇਹ ਇਨਸਾਨ ਦੀ ਸਿਹਤ ਲਈ ਹਾਨੀਕਾਰਕ ਹੈ ਉੱਥੇ ਕਿਸਾਨ ਦੀ ਜ਼ਮੀਨ ਲਈ ਵੀ ਬਹੁਤ ਖਤਰਨਾਕ ਹੈ। ਇਸ ਮੌਕੇ ਪਰਮਿੰਦਰ ਕੁਮਾਰ, ਡਾ. ਬਲਵਿੰਦਰ ਸਿੰਘ, ਡਾ.ਜਸਕੀਰਤ ਸਿੰਘ, ਡਾ. ਜਸਪਾਲ ਸਿੰਘ, ਮਨਜਿੰਦਰ ਸਿੰਘ, ਪ੍ਰਦੀਪ ਕੋਰ, ਕਿਰਨਦੀਪ ਕੋਰ, ਪ੍ਰਭਪਾਲ ਸਿੰਘ, ਪਲਵਿੰਦਰ ਸਿੰਘ, ਹਰਨੇਕ ਸਿੰਘ, ਗੁਰਵਿੰਦਰ ਸਿੰਘ, ਹਰਜੋਧ ਸਿੰਘ,ਰਣਜੀਤ ਸਿੰਘ, ਸਰਵਰ, ਜਰਨੈਲ ਸਿੰਘ, ਬਲਵਿੰਦਰ ਸਿੰਘ,ਜਸਵੀਰ ਸਿੰਘ, ਰਛਪਾਲ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ,ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਪੁਨੀਤ ਕੁਮਾਰ ਬਲਦੇਵ ਸਿੰਘ,ਸ਼੍ਰਵਨ ਕੁਮਾਰ,ਗੁਰਦੀਪ ਸਿੰਘ, ਜਸਬੀਰ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ, ਨਵਜੋਤ ਸਿੰਘ ਵਿਰਦੀ ਆਦਿ ਹਾਜ਼ਰ ਸਨ।