- ਹੜ੍ਹ ਕਾਰਨ ਖਰਾਬ ਹੋਈਆਂ ਫਸਲਾਂ, ਮਕਾਨਾਂ ਆਦਿ ਦਾ ਮੁਆਵਾਜ਼ਾ ਹਰ ਪੀੜ੍ਹਤ ਨੂੰ ਦਿੱਤਾ ਜਾਣਾ ਬਣਾਇਆ ਜਾਵੇਗਾ ਯਕੀਨੀ
ਤਰਨ ਤਾਰਨ, 27 ਜੁਲਾਈ : ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਕੁਲੈਕਟਰ ਤਰਨ ਤਾਰਨ ਸ਼ੀ੍ਮਤੀ ਬਲਦੀਪ ਕੌਰ ਨੇ ਦਰਿਆ ਸਤਲੁਜ ਤੇ ਬਿਆਸ ਵਿੱਚ ਆਏ ਹੜ੍ਹਾਂ ਕਾਰਨ ਹੋਏ ਫਸਲਾਂ/ਮਕਾਨਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾ ਸਕੇ। ਪੰਜਾਬ ਦੇ ਮਾਲ , ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਵਲੋਂ ਜਾਰੀ ਹੁਕਮਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਕਿਹਾ ਗਿਆ ਹੈ ਕਿ ਵਿਸ਼ੇਸ਼ ਗਿਰਦਾਵਰੀ ਕਰਨ ਉਪਰੰਤ ਫਸਲਾਂ ਨੂੰ ਹੋਏ ਨੁਕਸਾਨ ਦੀ ਅਸੈਸਮੈਂਟ ਰਿਪੋਰਟ ਐਸ. ਡੀ. ਆਰ. ਐਫ. ਦੀਆਂ ਹਦਾਇਤਾਂ ਮੁਤਾਬਿਕ ਗਿਰਦਾਵਰੀ ਦੇ ਹੁਕਮ ਜਾਰੀ ਹੋਣ ਦੇ ਇਕ ਹਫਤੇ ਦੇ ਅੰਦਰ-ਅੰਦਰ ਡਿਪਟੀ ਕਮਿਸ਼ਨਰ ਦਫਤਰ ਦੀ ਡੀ. ਆਰ. ਟੀ. ਏ. ਸ਼ਾਖਾ ਨੂੰ ਭੇਜੀ ਜਾਣੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਹਲਕੇ ਦੇ ਪਟਵਾਰੀ ਵਲੋਂ ਖਰਾਬੇ ਦੀ ਕੀਤੀ ਗਈ ਅਸੈਸਮੈਂਟ ਦੀ 100 ਫੀਸਦੀ ਪੜਤਾਲ ਕਾਨੂੰਗੋ ਹਲਕਾ ਵੱਲੋਂ , 50 ਫੀਸਦੀ ਪੜਤਾਲ ਸੀ. ਆਰ. ਓ. ਵੱਲੋਂ ਅਤੇ 25 ਫੀਸਦੀ ਸਬੰਧਿਤ ਐੱਸ. ਡੀ. ਐੱਮ. ਵਲੋਂ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਹਰ ਹੜ੍ਹ ਪੀੜ੍ਹਤ ਤੱਕ ਮੁੁਆਵਜ਼ਾ ਰਾਸ਼ੀ ਪੁੱਜਣਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਖੁਦ ਵੀ ਅਚਨਚੇਤ ਪੜਤਾਲ ਕਰਨ ਦੇ ਨਾਲ-ਨਾਲ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਵੱਲੋਂ ਵੀ ਗਿਰਦਾਵਰੀ ਦੌਰਾਨ ਖਰਾਬੇ ਦੀ ਸੈਟੇਲਾਇਟ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਬੰਧਿਤ ਉਪ ਮੰਡਲ ਮੈਜਿਸਟ੍ਰੇਟ ਆਪਣੀ ਨਿਗਰਾਨੀ ਹੇਠ ਗਿਰਦਾਵਰੀ ਕਰਵਾਉਣ ਲਈ ਜਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਨੂੰ ਵਿਸ਼ੇਸ਼ ਗਿਰਦਾਵਰੀ ਸਮੇਂ ਸਟਾਫ ਨਾਲ ਸਹਿਯੋਗ ਕਰਨ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹ ਕਾਰਨ ਖਰਾਬ ਹੋਈਆਂ ਫਸਲਾਂ, ਮਕਾਨਾਂ ਆਦਿ ਦਾ ਮੁਆਵਾਜ਼ਾ ਹਰ ਪੀੜ੍ਹਤ ਨੂੰ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇਗਾ।