- ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਵੱਲੋਂ ਬੇਹਤਰ ਸੇਵਾਵਾਂ ਨਿਭਾਉਣ ਵਾਲੇ ਸਫ਼ਾਈ ਕਰਮੀਆਂ ਦਾ ਸਨਮਾਨ
ਗੁਰਦਾਸਪੁਰ, 2 ਅਕਤੂਬਰ : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਕ ਗਾਂਧੀ ਜਯੰਤੀ ਨੂੰ ‘ਸਵੱਛਤਾ ਹੀ ਸੇਵਾ ਮੁਹਿੰਮ-2023’ ਤਹਿਤ ਕੋਰਟ ਕੰਪਲੈਕਸ ਗੁਰਦਾਸਪੁਰ ਵਿਖੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ, ਜਿਸਦਾ ਨਿਰੀਖਣ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ, ਗੁਰਦਾਸਪੁਰ, ਸ੍ਰੀ ਰਜਿੰਦਰ ਅਗਰਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਵੱਲੋਂ ਸਫ਼ਾਈ ਸੇਵਕਾਂ ਦੇ ਕੰਮ ਦੇ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਵਿੱਚੋਂ ਕੁਝ ਸਫ਼ਾਈ ਸੇਵਕਾਂ ਨੂੰ ਬੇਹਤਰ ਸੇਵਾਵਾਂ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਨੇ ਕਿਹਾ ਕਿ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਵਿੱਚ ਸਫ਼ਾਈ ਕਰਮੀਆਂ ਦਾ ਬਹੁਤ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣਾ ਚੌਗਿਰਦਾ ਸਾਫ਼ ਰੱਖਣ ਵਿੱਚ ਸਫ਼ਾਈ ਕਰਮੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਕੂੜਾ ਏਧਰ-ਓਧਰ ਸੁੱਟਣ ਦੀ ਬਜਾਏ ਸਿਰਫ ਕੂੜੇਦਾਨ ਵਿੱਚ ਹੀ ਪਾਉਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਵੱਲੋਂ ਕੋਰਟ ਕੰਪਲੈਕਸ ਵਿੱਚ ਇੱਕ ਪੌਦਾ ਵੀ ਲਗਾਇਆ ਗਿਆ। ਉਨ੍ਹਾਂ ਜ਼ਿਲ੍ਹਾ ਕਚਿਹਰੀਆਂ ਨੂੰ ਸਾਫ਼-ਸੁਥਰਾ ਰੱਖਣ ਲਈ ‘ਹਰਾ ਗਿੱਲਾ, ਸੁੱਕਾ ਨੀਲਾ’ ਦੋ ਡਸਟਬੀਨ ਪ੍ਰਣਾਲੀ ਵੀ ਲਾਗੂ ਕੀਤੀ। ਉਨ੍ਹਾਂ ਕਿਹਾ ਕਿ ਸਵੱਛਤਾ ਮੁਹਿੰਮ ਤਹਿਤ ਜ਼ਿਲ੍ਹਾ ਕਚਿਹਰੀਆਂ ਗੁਰਦਾਸਪੁਰ ਵਿਖੇ ਜਨਤਕ ਪਖਾਨਿਆਂ ਵਿੱਚ ਸਾਬਣ ਡਿਸਪੈਂਸਰ ਵੀ ਲਗਾਏ ਗਏ ਹਨ। ਇਸ ਮੌਕੇ ਸ੍ਰੀ ਰਾਜੇਸ਼ ਆਹਲੂਵਾਲੀਆ, ਚੀਫ ਜੂਡੀਸ਼ੀਅਲ ਮੈਜਿਸਟਰੇਟ, ਸ੍ਰੀਮਤੀ ਰਮਨੀਤ ਕੌਰ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਤੋਂ ਇਲਾਵਾ ਜੁਡੀਸ਼ੀਅਲ ਸਟਾਫ਼ ਦੇ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਹਾਜ਼ਰੀਨ ਵੱਲੋਂ ਮਹਾਤਮਾ ਗਾਂਧੀ ਜੀ ਨੂੰ ਵੀ ਯਾਦ ਕੀਤਾ ਗਿਆ।