- ਸਿੱਖ ਨੌਜਵਾਨ ਗੁਰੂਆਂ ਵੱਲੋਂ ਦਸਤਾਰ ਲਈ ਕੀਤੀਆਂ ਕੁਰਬਾਨੀਆਂ ਭੁਲਦੇ ਜਾ ਰਹੇ -ਮਨਜੀਤ ਸਿੰਘ ਭੋਮਾ
ਅੰਮ੍ਰਿਤਸਰ ,20 ਅਪ੍ਰੈਲ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ,ਜਨਰੱਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਧਰਮ ਜਾਗਰੂਕਤਾ ਲਹਿਰ ਸਬੰਧੀ ਗੁਰੂ ਤੇਗ ਬਹਾਦਰ ਸਰਾਂ ਅੰਮ੍ਰਿਤਸਰ ਲਾਰੈਂਸ ਲੋਡ ਅੰਮ੍ਰਿਤਸਰ ਵਿਖੇ 35 ਦੇ ਕਰੀਬ ਸਿੱਖ ਵਿਦਿਆਰਥੀਆਂ ਨੂੰ ਦਸਤਾਰਾਂ ਸਜਾਈਆਂ ਗਈਆਂ । ਉਕਤ ਪ੍ਰੋਗਰਾਮ ਦੀ ਅਗਵਾਈ ਦਿੱਲੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕੀਤੀ। ਮਨਜੀਤ ਸਿੰਘ ਭੋਮਾ ਨੇ ਸਥਾਨਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਸਿੱਖੀ ਨੂੰ ਹੋਰ ਪ੍ਰਫੁਲਿਤ ਕਰਨ ਲਈ ਉਲੀਕਿਆਂ ਗਿਆ ਹੈ। ਦਸਤਾਰ ਤੋਂ ਬਿਨ੍ਹਾਂ ਸਿੱਖ ਦੀ ਪਛਾਣ ਅਧੂਰੀ ਹੈ। ਦਸਤਾਰ ਜਿਥੇ ਸਰਦਾਰੀ ਦਾ ਪ੍ਰਤੀਕ ਹੈ,ਉਥੇ ਹੀ ਰੂਹਾਨੀਅਤ ਦੀ ਵੀ ਪ੍ਰਤੀਕ ਹੈ। ਸਿੱਖ ਧਰਮ ਅਨੁਸਾਰ ਸਿੱਖ ਦੀ ਸਾਬਤ ਸੂਰਤ ਸਿਰ ਉੱਪਰ ਦਸਤਾਰ ਹੀ ਪੂਰੀ ਹੁੰਦੀ ਹੈ। ਮਨਜੀਤ ਸਿੰਘ ਭੋਮਾ ਅਨੁਸਾਰ ਦਸਤਾਰ ਦਾ ਫਾਰਸੀ ਸ਼ਬਦ ਦਾ ਅਰਥ ਹੱਥਾਂ ਨਾਲ ਸੰਵਾਰ ਕੇ ਬੰਨਿਆ ਵਸਤਰ ਹੈ। ਸਿੱਖ ਧਰਮ ਵਿੱਚ ਦਸਤਾਰ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ,ਜਿਸ ਨੂੰ ਦਸਮ ਪਿਤਾ ਸ੍ਰੀ ਗੁਰੂੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣਾ ਬਾਅਦ ਹਰ ਇਕ ਸਿੱਖ ਲਈ ਦਸਤਾਰ ਸਜਾਉਣਾ ਲਾਜ਼ਮੀ ਹੈ। ਪਰ ਅੱਜ ਬੇਹੱਦ ਸਿੱਖ ਕੌਮ ਲਈ ਤ੍ਰਾਸਦੀ ਵਾਲੀ ਗੱਲ ਹੈ ਕਿ ਸਾਡੇ ਬੱਚੇ ਸਿੱਖੀ ਦੀਆਂ ਕਦਰਾਂ ਕੀਮਤਾਂ ਤੋਂ ਦੂਰ ਜਾ ਰਹੇ ਹਨ। ਬਾਣੀ ਤੇ ਬਾਣੇ ਤੋਂ ਵਿਸਰ ਰਹੇ ਹਨ।ਸਿੱਖ ਦੀ ਦਸਤਾਰ ਜਿਥੇ ਉਸ ਦੀ ਖੁਦ ਦੀ ਇਜਤ ਆਬਰੂ ਦੀ ਪ੍ਰਤੀਕ ਹੈ,ਉਥੇ ਜਰੂਰਤ ਪੈਣ ਤੇ ਸਿੱਖ ਆਪਣੀ ਦਸਤਾਰ ਰਾਹੀ ਦੂਜਿਆਂ ਦੀ ਇਜਤ ਨੂੰ ਰੁਲਣ ਤੋਂ ਬਚਾਉਣ ਲਈ ਵੀ ਹਮੇਸ਼ਾ ਤਿਆਰ ਰਹਿੰਦਾ ਹੈ ਪਰ ਅੱਜ ਸਮਾਂ ਇਹ ਆ ਗਿਆ ਹੈ ਕਿ ਅਧਿ-ਆਧੁਨਿਕ ਵਾਲੇ ਦੌਰ ਚ ਅਜਿਹਾ ਸਮਾਂ ਸਿਰਜਿਆ ਜਾ ਰਿਹਾ ਹੈ ਕਿ ਸਿੱਖ ਕੌਮ ਚ ਪਤਿਤਪੁਣਾ ਪਸਰ ਰਿਹਾ ਹੈ,ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਸਿੱਖ ਨੌਜੁਆਨ ਦਸਤਾਰ ਲਈ ਕੀਤੀਆਂ ਕੁਰਬਾਨੀਆਂ ਭਰਿਆ ਇਤਿਹਾਸ ਭੁਲਦੇ ਜਾ ਰਹੇ ਹਨ। ਅੱਜ ਸਾਡੇ ਬੱਚਿਆਂ ਤੇ ਨੌਜੁਆਨਾਂ ਨੂੰ ਦਸਤਾਰ ਦੀ ਕਾਇਮੀ ਪ੍ਰਤੀ ਕੀਤੇ ਸੰਘਰਸ਼ਾਂ ਬਾਰੇ ਦੱਸਣ ਦੀ ਬੇਹੱਦ ਜਰੂਰਤ ਹੈ ਤਾਂ ਜੋ ਉਹ ਪਤਿਤਪੁਣੇ ਦਾ ਰਾਹ ਛੱਡ ਕੇ ਮੁੜ ਸਿੱਖੀ ਵੱਲ ਪਰਤਣ।ਨਜੀਤ ਸਿੰਘ ਭੋਮਾ ਨੇ ਇਤਿਹਾਸ ਤੋਂ ਜਾਣੂ ਕਰਵਾਂਉਦਿਆਂ ਕਿਹਾ ਕਿ ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਜਦ ਅਖਾੜੇ ਵਿੱਚ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਸੀ ਤਾਂ ਉਸ ਜੇਤੂ ਪਹਿਲਵਾਨ ਨੂੰ ਦੁਮਾਲੇ ਨਾਲ ਸਨਮਾਨਿਤ ਕੀਤਾ ਜਾਂਦਾ ਸੀ। ਮਨਜੀਤ ਸਿੰਘ ਭੋਮਾ ਨੇ ਸਪੱਸ਼ਟ ਕੀਤਾ ਕਿ ਜੇ ਸਿੱਖ ਕੌਮ ਨੂੰ ਬਚਾਉਣਾ ਹੈ ਤਾਂ ਬਾਣੀ ਅਤੇ ਬਾਣੇ ਨਾਲ ਜੋੜੀਏ ,ਇਹ ਪੰਥ ਵਿਰੋਧੀ ਤਾਕਤਾਂ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੀਆਂ। ਇਸ ਮੌਕੇ ਮਨਜੀਤ ਸਿੰਘ ਭੋਮਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆੜੇ ਹੱਥੀ ਲੈਂਦਿਆਂ ਕਿਹਾ ਕਿ ਸਿੱਖ ਕੌਮ ਚ ਕਾਰਜਕਾਰੀ ਜਥੇਦਾਰਾਂ ਦੀ ਥਾਂ ਪੱਕੇ ਜਥੇਦਾਰ ਨਿਯੁਕਤ ਕਰਨ ਚਾਹੀਦੇ ਹਨ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਾਰਜਕਾਰੀ ਹਨ,ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵੀ ਕਾਰਜਕਾਰੀ,ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਅਤੇ ਤਖਤ ਕੇਸਗੜ੍ਹ ਦੇ ਜਥੇਦਾਰ ਵੀ ਕਾਰਜਕਾਰੀ ਹਨ । ਇਸ ਲਈ ਕੌਮ ਦੁਵਿਧਾ ਚ ਹੈ ,ਜਿਸ ਨੂੰ ਦੂਰ ਸਿੱਖ ਕੌਮ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰ ਸਕਦੀ ਹੈ ।ਇਸ ਲਈ ਤੁਰੰਤ ਸ਼੍ਰੋਮਣੀ ਕਮੇਟੀ ਜਥੇਦਾਰਾਂ ਦੀਆ ਪੱਕੀਆਂ ਨਿਯੁਕਤੀਆਂ ਕਰੇ। ਮਨਜੀਤ ਸਿੰਘ ਭੋਮਾ ਨੇ ਇਕ ਪੱਤਰਕਾਰ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਦਰਬਾਰ ਸਾਹਿਬ ਵਿਖੇ ਸੇਵਾਦਾਰ ਤੇ ਇਕ ਮਹਿਲਾ ਦਰਮਿਆਨ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ,ਜਿਸ ਨੂੰ ਲੈ ਕੇ ਨੈਸ਼ਨਲ ਮੀਡੀਆ ਤੇ ਪੰਥ ਵਿਰੋਧੀ ਤਾਕਤਾਂ,ਸ਼ੋਸਲ ਮੀਡੀਆ ਤੇ ਸਿੱਖਾਂ ਪ੍ਰਤੀ ਬੇਹੱਦ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ,ਜਿਸ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ਜਾਗਰੂਕਤਾ ਲਹਿਰ ਸਖਤ ਸ਼ਬਦਾਂ ਚ ਨਿੰਦਿਆ ਕੀਤੀ ਜਾਂਦੀ ਹੈ। ਭੋਮਾ ਨੇ ਸਿੱਖ ਕੌਮ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ ਤਾਂ ਜੋ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਿਆ ਜਾਵੇ । ਸਿੱਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ। ਮਨਜੀਤ ਸਿੰਘ ਭੋਮਾ ਨੇ ਅੱਗੇ ਦੱਸਿਆ ਕਿ ਇਹ ਦਸਤਾਰਾਂ ਸਜਾਉਣ ਦੇ ਸਮਾਗਮ ਲਗਾਤਾਰ ਜਾਰੀ ਰੱਖੇ ਜਾਣਗੇ । ਇਸ ਮੌਕੇ ਮਨਜੀਤ ਸਿੰਘ ਭੋਮਾ ਤੋਂ ਇਲਾਵਾ ਬਾਬਾ ਮੇਜਰ ਸਿੰਘ ਵਾਂ ਵਾਲੇ ,ਡਾ ਲਖਵਿੰਦਰ ਸਿੰਘ ਢਿੰਗਨੰਗਲ ,ਪਲਵਿੰਦਰ ਸਿੰਘ ਪੰਨੂ ,ਕਰਮਵੀਰ ਸਿੰਘ ਪੰਨੂ, ਦਲਜੀਤ ਸਿੰਘ ਪਾਖਰਪੁਰਾ, ਮੁਖਤਾਰ ਸਿੰਘ,ਹੈਡ-ਮਾਸਟਰ ਪਲਵਿੰਦਰ ਸਿੰਘ,ਕੁਲਬੀਰ ਸਿੰਘ,ਅੰਗਰੇਜ ਸਿੰਘ , ਰਣਜੀਤ ਸਿੰਘ ਆਦਿ ਹਾਜਰ ਸਨ।