ਅੰਮ੍ਰਿਤਸਰ, 10 ਅਗਸਤ 2024 : ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਕੜਾਹੇ 'ਚ ਡਿੱਗਣ ਵਾਲੇ ਸੇਵਾਦਾਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸੇਵਾਦਾਰ ਬਲਬੀਰ ਸਿੰਘ ਪੈਰ ਤਿਲਕਣ ਕਾਰਨ ਕੜਾਹੇ ਵਿਚ ਡਿੱਗ ਗਿਆ ਸੀ। ਕੜਾਹੇ ਵਿਚ ਡਿੱਗਣ ਕਾਰਨ ਸੇਵਾਦਾਰ ਦਾ 70 ਫੀਸਦੀ ਸਰੀਰ ਝੁਲਸ ਗਿਆ ਸੀ। ਦੱਸ ਦੇਈਏ ਕਿ ਬਲਬੀਰ ਸਿੰਘ ਪੁੱਤਰ ਖਜਾਨ ਸਿੰਘ ਪਿੰਡ ਲਹਿਲ ਤਹਿਸੀਲ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਸੀ ਅਤੇ ਉਸ ਤੋਂ ਬਾਅਦ ਉਹ ਸੇਵਾ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਚਲਾ ਗਿਆ। ਉਸ ਵਲੋਂ ਜਦੋਂ ਸੇਵਾ ਕੀਤੀ ਜਾ ਰਹੀ ਸੀ ਤਾਂ ਪੈਰ ਤਿਲਕਣ ਕਰਕੇ ਉਹ ਕੜਾਹੇ ਵਿੱਚ ਡਿੱਗ ਪਿਆ। ਜਿਸ ਦੇ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਤੋਂ ਬਾਅਦ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ 70% ਜ਼ਖ਼ਮੀ ਦੱਸਿਆ ਪਰ ਅੱਜ ਸੇਵਾਦਾਰ ਨੇ ਜ਼ਖ਼ਮਾਂ ਦੀ ਤਾਬ ਨਾ ਚੱਲਦਿਆਂ ਸੇਵਾਦਾਰ ਨੇ ਦਮ ਤੋੜ ਦਿਤਾ।
ਐਡਵੋਕੇਟ ਧਾਮੀ ਨੇ ਕੀਤਾ ਦੁੱਖ ਪ੍ਰਗਟ
ਬੀਤੇ ਦਿਨੀਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ, ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਦਿਆਂ ਆਲੂਆਂ ਵਾਲੇ ਉੱਬਲਦੇ ਪਾਣੀ ਦੇ ਕੜਾਹੇ ਵਿੱਚ ਡਿੱਗਣ ਨਾਲ ਝੁਲਸੇ ਸ. ਬਲਬੀਰ ਸਿੰਘ ਵਾਸੀ ਧਾਰੀਵਾਲ ਗੁਰਦਾਸਪੁਰ ਦੇ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਬਲਬੀਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਹਫ਼ਤੇ ਵਿੱਚ ਦੋ ਵਾਰ ਸ੍ਰੀ ਹਰਿਮੰਦਰ ਸਾਹਿਬ ਆ ਕੇ ਲੰਗਰ ਵਿੱਚ ਸੇਵਾ ਕਰਦੇ ਸਨ, ਪਰ ਅਚਾਨਕ ਸੇਵਾ ਕਰਦਿਆਂ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਉਨ੍ਹਾਂ ਨੂੰ ਇਲਾਜ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਉਹ ਬੀਤੀ ਰਾਤ ਚਲਾਣਾ ਕਰ ਗਏ। ਐਡੋਵੋਕੇਟ ਧਾਮੀ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।