- ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ ਦੀ ਕੀਤੀ ਅਪੀਲ
ਤਰਨ ਤਾਰਨ, 11 ਸਤੰਬਰ 2024 : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਹਰ ਵਰਗ ਦੇ ਵਸਨੀਕਾਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਕੱਚੇ ਕੋਠਿਆਂ ਜਾਂ ਬਾਲਿਆ ਵਾਲੇ ਕੋਠਿਆਂ ਵਾਲੇ ਲੋਕਾਂ ਵਲੋਂ ਆਪਣੀਆਂ ਪੱਕੇ ਮਕਾਨ ਬਣਾਉਣ ਲਈ ਪ੍ਰਤੀ ਬੇਨਤੀਆਂ ਅਕਸਰ ਦਿੱਤੀਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਚਲਾਈ ਗਈ ਸਰਕਾਰੀ ਸਕੀਮ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਯੋਗ ਕੱਚੇ ਕੋਠੇ ਵਾਲੇ ਲਾਭਪਾਤਰੀਆਂ ਨੂੰ ਜੋ ਮਕਾਨ ਬਣਾਉਣ ਲਈ ਭਾਰਤ ਸਰਕਾਰ ਸਹਾਇਤਾ ਪ੍ਰਧਾਨ ਕਰਦੀ ਹੈ, ਉਹਨਾਂ ਲਾਭਪਾਤਰੀ ਦੀ ਸ਼ਨਾਖਤ ਸਮਾਜਿਕ, ਆਰਥਿਕ ਅਤੇ ਜਾਤੀ ਜਨਗਣਨਾ ਸਰਵੇ-2011 ਦੇ ਆਧਾਰ ‘ਤੇ ਕੀਤੀ ਗਈ, ਜੋ ਜਣਗਣਨਾ ਤਹਿਤ ਸਕੀਮ ਦੀਆਂ ਸ਼ਰਤਾ ਪੂਰੀਆਂ ਕਰਦੇ ਹਨ। ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਚੋਣ ਕਰਨ ਉਪਰੰਤ ਬਲਾਕਵਾਰ ਸੂਚੀ ਤਿਆਰ ਕੀਤੀ ਗਈ। ਉਹਨਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਉਦੇਸ਼ ਪੇਂਡੂ ਖੇਤਰ ਵਿੱਚ ਰਹਿ ਰਹੇ ਬੇਘਰੇ ਪਰਿਵਾਰਾਂ ਨੂੰ ਘਰ ਮੁਹੱਈਆ ਕਰਵਾਉਣਾ ਹੈ। ਇਸ ਉਪਰੰਤ ਜੋ ਲਾਭਪਾਤਰੀ ਇਸ ਸਰਵੇ ਵਿੱਚ ਨਹੀ ਸ਼ਾਮਿਲ ਹੋਏ, ਉਹਨਾਂ ਨੂੰ ਬਲਾਕ ਪੱਧਰਾਂ ਤੋਂ ਸਾਲ 2018-2019 ਸ਼ਨਾਖਤ ਕਰਨ ਉਪਰੰਤ ਭਾਰਤ ਸਰਕਾਰ ਵਲੋਂ ਚਲਾਏ ਗਏ ਆਵਾਸ ਪੱਲਸ ਪੋਰਟਲ ‘ਤੇ ਆਨਲਾਈਨ ਅਪਲੋਡ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਇਸ ਵਕਤ ਸਹੂਲਤ ਪ੍ਰਧਾਨ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਕੀਮ ਨਹੀਂ ਚੱਲ ਰਹੀ, ਜਿਸ ਵਿਚ ਬਾਲਿਆਂ ਵਾਲੇ ਜਾਂ ਕੱਚੇ ਕੋਠਿਆ ਵਾਲੇ ਵਸਨੀਕਾਂ ਨੂੰ ਪੱਕਾਂ ਕੋਠਾ ਬਣਾਉਣ ਜਾਂ ਮੁਰੰਮਤ ਕਰਨ ਲਈ ਕਿਸੇ ਵੀ ਤਰ੍ਹਾ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੋਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਏਜੰਟ ਆਦਿ ਲੋਕਾਂ ਨੂੰ ਗੁੰਮਰਾਹ ਕਰ ਕੇ ਪੱਕੇ ਮਕਾਨ ਬਣਾਉਣ ਦੇ ਫਾਰਮ ਛਪਵਾ ਕੇ ਲੋਕਾ ਤੋਂ ਭਰਵਾ ਰਹੇ ਹਨ, ਹੋ ਸਕਦਾ ਹੈ ਕਿ ਉਹ ਫਾਰਮ ਭਰਨ ਦੇ ਪੈਸੇ ਵੀ ਲੈਂਦੇ ਹੋਣ ਜੋ ਕਿ ਕਾਨੂੰਨੀ ਤੌਰ ‘ਤੇ ਗਲਤ ਹੈ, ਜੇਕਰ ਇਸ ਤਰ੍ਹਾਂ ਦਾ ਕੋਈ ਵੀ ਏਜੰਟ ਫਾਰਮ ਭਰਵਾਉਂਦਾ ਹੋਇਆ ਤੁਹਾਡੇ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਬਾਰੇ ਨੇੜੇ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਾਂ ਜਿਲ੍ਹਾ ਪੱਧਰ ਦੇ ਦਫਤਰ ਸ਼ਿਕਾਇਤ ਦਰਜ ਕਰਵਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ, ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਦੀਆਂ ਜੋ ਵੀ ਸਕੀਮਾਂ ਚਲਾਇਆਂ ਜਾਂਦੀਆਂ ਹਨ, ਉਹਨਾਂ ਨੂੰ ਲੋਕਾ ਤੱਕ ਪਹੰਚਾਉਣ ਲਈ ਯਤਨਸ਼ੀਲ ਰਹਿੰਦਾ ਹੈ।ਇਸ ਲਈ ਜਦੋਂ ਵੀ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵਲੋਂ ਕੱਚਿਆਂ ਕੋਠਿਆਂ ਜਾਂ ਬਾਲਿਆ ਵਾਲੀਆਂ ਛੱਤਾਂ ਨੂੰ ਪੱਕੇ ਕਰਨ ਲਈ ਵਿੱਤੀ ਸਹਾਇਤਾ ਦੇਣ ਲਈ ਕੋਈ ਵੀ ਸਕੀਮ ਚਲਾਈ ਜਾਵੇਗੀ ਤਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਲੋੜਵੰਦ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਸ ਦਾ ਅਖਬਾਰਾਂ ਰਾਹੀਂ, ਸਬੰਧਤ ਮਹਿਕਮੇਂ ਰਾਹੀਂ ਹਰ ਪਿੰਡ ਵਿੱਚ ਪ੍ਰਚਾਰ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਵੀ ਬਹਿਕਾਵੇ ਵਿੱਚ ਨਾ ਆਉਣ।