- ਰੰਗਲਾ ਪੰਜਾਬ ਮੇਲੇ ਦੀ ਧਮਾਕੇਦਾਰ ਸ਼ੁਰੂਆਤ ਕਰਨਗੇ ਬਾਲੀਵੁੱਡ ਗਾਇਕ ਸੁਖਵਿੰਦਰ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਅਹਿਮ ਸ਼ਖ਼ਸੀਅਤਾਂ ਹੋਣਗੀਆਂ ਸ਼ਾਮਿਲ
- ਕੰਵਰ ਗਰੇਵਾਲ, ਹਰਜੀਤ ਹਰਮਨ, ਲਖਵਿੰਦਰ ਵਡਾਲੀ, ਵਾਰਿਸ ਭਰਾ, ਕੁਲਵਿੰਦਰ ਬਿੱਲਾ ਅਤੇ ਸਿਕੰਦਰ ਸਲੀਮ ਲਾਉਣਗੇ ਰੌਣਕਾਂ
ਗੁਰਦਾਸਪੁਰ, 21 ਫਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ਵ ਵਿਆਪੀ ਮੁਹਿੰਮ ਤਹਿਤ ਅੰਮ੍ਰਿਤਸਰ ਵਿੱਚ ਸੱਤ ਦਿਨ ਚੱਲਣ ਵਾਲਾ ਰੰਗਲਾ ਪੰਜਾਬ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ 23 ਫਰਵਰੀ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਏ ਜਾਣ ਵਾਲੇ ਵੱਡੇ ਰੰਗਾਰੰਗ ਸਮਾਗਮ ਨਾਲ ਹੋਵੇਗੀ। ਇਸ ਸਮਾਗਮ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸੁਖਵਿੰਦਰ ਦਰਸ਼ਕਾਂ ਦੇ ਰੂਬਰੂ ਹੋਣਗੇ। ਜਦਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਸਮੇਤ ਕੈਬਨਿਟ ਮੰਤਰੀ ਅਤੇ ਵੱਡੀਆਂ ਸ਼ਖ਼ਸੀਅਤਾਂ ਮੇਲੇ ਨੂੰ ਚਾਰ ਚੰਨ ਲਗਾਉਣਗੀਆਂ। ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ 23 ਤੋਂ 29 ਫਰਵਰੀ ਤੱਕ ਚੱਲੇਗਾ। ਇਹਨਾਂ ਸੱਤ ਦਿਨਾਂ ਵਿੱਚ ਪੰਜਾਬੀ ਗਾਇਕੀ ਦੇ ਵੱਡੇ ਗਾਇਕ ਜਿਨ੍ਹਾਂ ਨੇ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ ਹੈ, ਉਹ ਲੋਕਾਂ ਦਾ ਮਨੋਰੰਜਨ ਕਰਨ ਲਈ ਅੰਮ੍ਰਿਤਸਰ ਆਉਣਗੇ। ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ 23 ਫਰਵਰੀ ਨੂੰ ਇਸ ਮੇਲੇ ਦਾ ਆਗਾਜ਼ ਖ਼ਾਲਸਾ ਕਾਲਜ ਵਿਖੇ ਕੀਤਾ ਜਾਵੇਗਾ, ਜਿਸ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸ੍ਰੀ ਸੁਖਵਿੰਦਰ ਸਿੰਘ ਦਰਸ਼ਕਾਂ ਦੇ ਰੂਬਰੂ ਹੋਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 24 ਫਰਵਰੀ ਨੂੰ ਇਹ ਗਾਇਕ ਰਣਜੀਤ ਐਵਿਨਿਊ ਦੁਸ਼ਹਿਰਾ ਗਰਾਊਂਡ ਵਿਖੇ ਲੋਕਾਂ ਦਾ ਮਨੋਰੰਜਨ ਕਰਨ ਲਈ ਮੇਲੇ ਵਿੱਚ ਭਾਗ ਲੈਣਗੇ, ਜਿਸ ਵਿੱਚ 24 ਫਰਵਰੀ ਨੂੰ ਹਰਜੀਤ ਹਰਮਨ, 25 ਫਰਵਰੀ ਨੂੰ ਲਖਵਿੰਦਰ ਵਡਾਲੀ, 26 ਫਰਵਰੀ ਨੂੰ ਵਾਰਸ ਭਰਾ, 27 ਫਰਵਰੀ ਨੂੰ ਕੁਲਵਿੰਦਰ ਬਿੱਲਾ, 28 ਫਰਵਰੀ ਨੂੰ ਕੰਵਰ ਗਰੇਵਾਲ ਅਤੇ 29 ਫਰਵਰੀ ਨੂੰ ਸਿਕੰਦਰ ਸਲੀਮ ਲੋਕਾਂ ਦੇ ਰੂਬਰੂ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ਦੁਸ਼ਹਿਰਾ ਗਰਾਊਂਡ ਵਿਖੇ ਖਾਣ ਪੀਣ ਦੇ ਸ਼ੌਕੀਨਾਂ ਲਈ ਦੇਸ਼ ਭਰ ਵਿੱਚੋਂ ਵੱਡੇ ਬਰਾਂਡ ਰੂਪੀ ਰੈਸਟੋਰੈਂਟ ਆਪਣੇ ਖਾਣੇ ਪਰੋਸਣਗੇ, ਜਿਨ੍ਹਾਂ ਵਿੱਚ 100 ਦੇ ਕਰੀਬ ਸਟਾਲ ਹੋਣਗੇ। ਇਸ ਤੋਂ ਇਲਾਵਾ ਖ਼ਰੀਦੋ ਫ਼ਰੋਖ਼ਤ ਲਈ ਆਪਣੀ ਹੱਥ ਕਲਾ ਕਰਕੇ ਜਾਣੇ ਜਾਂਦੇ ਮਾਹਿਰ ਦੇਸ਼ ਭਰ ਵਿੱਚੋਂ ਪਹੁੰਚ ਕੇ ਆਪਣੇ ਸਟਾਲ ਲਾਉਣਗੇ। ਸ. ਸੇਖਵਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ 23 ਤੋਂ 29 ਫਰਵਰੀ ਤੱਕ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਰੰਗਲਾ ਪੰਜਾਬ ਮੇਲੇ ਵਿੱਚ ਸ਼ਾਮਲ ਹੋ ਕੇ ਰੌਣਕਾਂ ਨੂੰ ਵਧਾਉਣ।