- ਤਰਨ ਤਾਰਨ ਬਾਈਪਾਸ ਤੋਂ ਸਰਕੂਲਰ ਰੋਡ ਤੱਕ 40 ਫੁੱਟ ਤੱਕ ਕੀਤਾ ਜਾਵੇਗਾ ਚੌੜਾ
ਅੰਮ੍ਰਿਤਸਰ 28 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸੜ੍ਹਕੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਹੋਣ ਵਾਲੇ ਸੜ੍ਹਕੀ ਹਾਦਸਿਆਂ ਤੋਂ ਬਚਣ ਲਈ ਨਵੀਆਂ ਸੜ੍ਹਕਾਂ ਬਣਾਈਆਂ ਜਾ ਰਹੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਵਿਖੇ ਦੋ ਅਹਿਮ ਸੜ੍ਹਕਾਂ ਜੋਤੀਸਰ ਸੜ੍ਹਕ ਅਤੇ ਤਰਨਤਾਰਨ ਬਾਈਪਾਸ ਤੋਂ ਸਰਕੂਲਰ ਰੋਡ ਨੂੰ Çਲੰਕ ਕਰਨ ਵਾਲੀ ਸੜ੍ਹਕ ਦਾ ਨੀਂਹ ਪੱਥਰ ਰੱਖਦਿਆਂ ਕੀਤਾ। ਉਨਾਂ ਦੱਸਿਆ ਕਿ ਇਨਾਂ ਦੋਵਾਂ ਸੜ੍ਹਕਾਂ ਤੇ 4.65 ਕਰੋੜ ਰੁਪਏ ਖਰਚ ਕੀਤਾ ਜਾਣਗੇ। ਉਨਾਂ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ ਬਿਜਲੀ ਘਰ ਤੋਂ ਸ਼ਮਸ਼ਾਨ ਘਾਟ ਤੱਕ ਜਾਂਦੀ ਸੜ੍ਹਕ ਨੂੰ 2 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਅਤੇ ਇਹ ਸਾਰੀ ਸੜ੍ਹਕ ਆਰ.ਸੀ.ਸੀ. ਦੀ ਬਣਾਈ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਇਸਦੇ ਨਾਲ ਹੀ ਗਰੇਸ ਪਬਲਿਕ ਸਕੂਲ ਦੇ ਨਜ਼ਦੀਕ ਤਰਨਤਾਰਨ ਬਾਈਪਾਸ ਤੋਂ ਸਰਕੂਲਰ ਰੋਡ ਨੂੰ ਲੰਕ ਕਰਨ ਵਾਲੀ ਸੜ੍ਹਕ, ਜਿਸਦੇ ਨਾਲ ਹੀ ਇਕ ਪੁਰਾਣਾ ਸੂਆ ਚਲਦਾ ਹੈ ਨੂੰ ਪਾਇਪਲਾਈਨ ਪਾ ਕੇ ਸੂਏ ਨੂੰ ਬੰਦ ਕੀਤਾ ਜਾਵੇਗਾ ਅਤੇ ਸਾਰੀ ਸੜ੍ਹਕ ਦੀ ਉਸਾਰੀ ਆਰ .ਸੀ. ਸੀ. ਨਾਲ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਕੰਮ ਤੇ 1 ਕਰੋੜ 90 ਲੱਖ ਰੁਪਏ ਖਰਚ ਆਉਣਗੇ ਅਤੇ 40 ਫੁੱਟ ਚੌੜੀ ਸੜ੍ਹਕ ਬਣਾਈ ਜਾਵੇਗੀ। ਉਨਾਂ ਦੱਸਿਆ ਕਿ ਇਹ ਸੜ੍ਹਕ ਜੰਡਿਆਲਾ ਤੋਂ ਤਰਨ ਤਾਰਨ ਸ਼ਹਿਰ ਨੂੰ ਜੋੜਦੀ ਹੈ ਅਤੇ ਇਸਦੀ ਹਾਲਤ ਠੀਕ ਨਾ ਹੋਣ ਕਰਕੇ ਇਥੇ ਕਾਫ਼ੀ ਸੜ੍ਹਕੀ ਹਾਦਸੇ ਹੁੰਦੇ ਸਨ। ਉਨਾਂ ਦੱਸਿਆ ਕਿ ਇਸ ਸੜ੍ਹਕ ਦੇ ਚੋੜ੍ਹਾ ਹੋ ਜਾਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਹ ਦੋਵੇਂ ਸੜ੍ਹਕਾਂ ਮਿੱਥੇ ਸਮੇਂ ਅੰਦਰ ਮੁਕੰਮਲ ਹੋਣੀਆਂ ਚਾਹੀਦੀਆਂ ਹਨ ਅਤੇ ਕੰਮ ਦੀ ਗੁਣਵੱਤਾ ਵਿੱਚ ਕਿਸੇ ਪ੍ਰਕਾਰ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸੁਹਿੰਦਰ ਕੌਰ, ਸ੍ਰ ਸਤਿੰਦਰ ਸਿੰਘ, ਸ੍ਰ ਸੁਖਵਿੰਦਰ ਸਿੰਘ ਸੋਨੀ, ਸ੍ਰ ਸਰਬਜੀਤ ਸਿੰਘ ਡਿੰਪੀ, ਸ੍ਰੀ ਨਰੇਸ਼ ਪਾਠਕ, ਸੁਨੈਨਾ ਰੰਧਾਵਾ, ਬਾਬਾ ਪਰਮਾਨੰਦ ਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।