
- ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਜੰਡਿਆਲਾ ਵੈਰੋਵਾਲ ਰੋਡ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਕੀਤਾ ਉਦਘਾਟਨ
- ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਜੰਡਿਆਲਾ ਗੁਰੂ ਵਾਸੀਆਂ ਨੂੰ ਮਿਲੇਗਾ ਸਾਫ ਪੀਣ ਵਾਲਾ ਪਾਣੀ
ਅੰਮ੍ਰਿਤਸਰ 4 ਅਪੈ੍ਰਲ 2025 : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵੱਚਨਬੱਧ ਹੈ ਅਤੇ ਕਿਸੇ ਵੀ ਸੂਬੇ ਦੀ ਤਰੱਕੀ ਸੜਕਾਂ ਦੇ ਜਾਲ ਅਤੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਤੋ ਪਤਾ ਲਗਦੀ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਜੰਡਿਆਲਾ ਵੈਰੋਵਾਲ ਰੋਡ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਉਦਘਾਟਨ ਕੀਤਾ ਅਤੇ ਦੱਸਿਆ ਕਿ ਇਸ ਸੜਕ ਦੀ ਕੁਲ ਲੰਬਾਈ 16.40 ਕਿਲੋਮੀਟਰ ਹੈ ਅਤੇ ਇਸ ਦੀ 5 ਸਾਲ ਦੀ ਮੈਨਟੀਨੈਸ ਵੀ ਸਬੰਧਤ ਠੇਕੇਦਾਰ ਵਲੋ ਕੀਤੀ ਜਾਵੇਗੀ। ਸ: ਈ.ਟੀ.ਓ ਨੇ ਦੱਸਿਆ ਕਿ ਉਕਤ ਸੜਕ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਖੇਤਰ ਨੂੰ ਆਪਸ ਵਿਚ ਜੋੜਦੀ ਹੈ। ਉਨਾਂ ਦੱਸਿਆ ਕਿ ਸੜਕ ਦੇ ਬਣਨ ਨਾਲ ਆਮ ਲੋਕਾਂ ਨੂੰ ਆਵਾਜਾਈ ਵਿਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਮਣਾ ਨਹੀ ਕਰਨਾ ਪਵੇਗਾ ਅਤੇ ਇਸ ਸੜਕ ਦੀ ਸਪੈਸ਼ਲ ਰਿਪੇਅਰ ਨਾਲ ਲੋਕਾਂ ਦੀ ਆਵਾਜਾਈ ਕਾਫੀ ਆਸਾਨ ਹੋ ਜਾਵੇਗੀ। ਸ: ਈ.ਟੀ.ਓ ਨੇ ਦੱਸਿਆ ਕਿ ਇਹ ਸੜਕ 9 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗੀ । ਇਸ ਉਪਰੰਤ ਲੋਕ ਨਿਰਮਾਣ ਮੰਤਰੀ ਵਲੋ ਜੰਡਿਆਲਾ ਗੁਰੂ ਵਾਸੀਆਂ ਨੂੰ ਸਾਫ ਸੁਥਰਾ ਪਾਣੀ ਮੁਹੱਈਆਂ ਕਰਵਾਉਣ ਦੇ ਉਦੇਸ਼ ਨਾਲ ਅਮੁਰਤ ਸਕੀਮ ਤਹਿਤ ਪ੍ਰਜੈਕਟ ਦਾ ਨੀਹ ਪੱਥਰ ਵੀ ਰੱਖਿਆ। ਉਨਾਂ ਦੱਸਿਆ ਕਿ ਇਸ ਪੋ੍ਰਜੈਕਟ ਦੀ ਕੁਲ ਲਾਗਤ 609.63 ਲੱਖ ਰੁਪਏ ਹੈ ਅਤੇ ਇਸ ਦੇ ਪੂਰਾ ਹੋਣ ਨਾਲ 10 ਕਿਲੋਮੀਟਰ ਦੇ ਘੇਰੇ ਅੰਦਰ ਆਉਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਹੋਵੇਗਾ।ਉਨਾਂ ਦੱਸਿਆ ਕਿ ਇਸ ਦੇ ਨਾਲ ਹੀ 0.5 ਲੱਖ ਗੈਲਨ ਪਾਣੀ ਦੀ ਟੈਕੀ ਦੀ ਉਸਾਰੀ ਵੀ ਕੀਤੀ ਜਾਵੇਗੀ, ਜਿਸ ਨਾਲ ਨਾਲ ਲੱਗਦੀਆਂ ਕਾਲੋਨੀਆਂ ਵ੍ਰਿੰਦਾਵਨ, ਜਾਨੀਆ ਰੋਡ, ਤਾਲ ਕਾਲੋਨੀ, ਜੁਬਲੀ ਰੋਡ ਆਦਿ ਦੇ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ 9 ਮਹੀਨੇ ਦਾ ਸਮਾਂ ਲੱਗੇਗਾ।ਸ: ਈ.ਟੀ.ਓ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰੇ ਕੰਮ ਗੁਣਵਤਾ ਭਰਪੂਰ ਹੋਣੇ ਚਾਹੀਦੇ ਹਨ ਅਤੇ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਅਣਗਹਿਲੀ ਅਤੇ ਦੇਰੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਾਰਾ ਪੈਸਾ ਜਨਤਾ ਦਾ ਪੈਸਾ ਹੈ ਅਤੇ ਜਨਤਾ ਦੇ ਪੈਸੇ ਦਾ ਦੁਰਉਪਯੋਗ ਨਹੀ ਹੋਣ ਦਿੱਤਾ ਜਾਵੇਗਾ। ਉਨਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਚੱਲ ਰਹੇ ਵਿਕਾਸ ਕਾਰਜਾਂ ਦਾ ਖੁਦ ਵੀ ਧਿਆਨ ਰੱਖਣ ਅਤੇ ਜੇਕਰ ਕੋਈ ਉਣਤਾਈ ਪਾਈ ਜਾਂਦੀ ਹੈ ਤਾਂ ਮੇਰੇ ਧਿਆਨ ਵਿਚ ਲਿਆਂਦਾ ਜਾਵੇ। ਇਸ ਮੌਕੇ ਸ: ਜਰਨੈਲ ਸਿੰਘ, ਸ: ਸਤਿੰਦਰ ਸਿੰਘ, ਸ: ਸਰਬਜੀਤ ਸਿੰਘ ਡਿੰਪੀ, ਸ਼੍ਰੀ ਨਰੇਸ਼ ਪਾਠਕ, ਰੂਬੀ ਥਿੰਦ, ਸ਼੍ਰੀਮਤੀ ਸੁਣੈਨਾ ਰੰਧਾਵਾ,ਸ: ਹਰਪਾਲ ਸਿੰਘ ਚੋਹਾਨ ਤੋ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਲੋਕ ਹਾ਼ਜਰ ਸਨ।