- ਸਮਾਗਮ ਦੌਰਾਨ ਕਰੀਬ 16 ਮੈਡੀਕਲ ਟੀਮਾਂ ਅਤੇ 7 ਐਮਬੂਲੈਂਸਾਂ ਦੀ ਹੋਵੇਗੀ ਤਾਇਨਾਤੀ
ਤਰਨ ਤਾਰਨ, 11 ਸਤੰਬਰ 2024 : ਜ਼ਿਲਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲੇ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਸ਼੍ਰੀ ਗੋਇੰਦਵਾਲ ਸਾਹਿਬ ਵਿਖ਼ੇ 15 ਤੋਂ 18 ਸਤੰਬਰ ਨੂੰ ਹੋਣ ਵਾਲੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਗੁਰਪੁਰਬ ਸਮਾਗਮ ਦੌਰਾਨ ਸਿਹਤ ਸੇਵਾਵਾਂ ਸਬੰਧੀ ਬੁੱਧਵਾਰ ਨੂੰ ਜ਼ਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਮਾਗਮ ਦੌਰਾਨ ਕਰੀਬ 16 ਮੈਡੀਕਲ ਐਮਰਜੈਂਸੀ ਟੀਮਾਂ ਜੋ ਕਿ 24 ਘੰਟਿਆਂ ਲਈ ਤੈਨਾਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਸੰਗਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਸੱਤ ਦੇ ਕਰੀਬ 108 ਐਮਬੂਲੈਂਸਾਂ ਦੀ ਤੈਨਾਤੀ ਵੀ ਵਿਸ਼ੇਸ਼ ਤੌਰ ‘ਤੇ ਕੀਤੀ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਦੌਰਾਨ ਕਰੀਬ 7 ਤੋਂ 8 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਮੀਟਿੰਗ ਦੌਰਾਨ ਡਾ. ਗੁਰਪ੍ਰੀਤ ਸਿੰਘ ਨੇ ਸਮੂਹ ਐੱਸ. ਐੱਮ. ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੈਡੀਕਲ ਟੀਮਾਂ ਦਾ ਗਠਨ ਵੱਖ-ਵੱਖ ਬਲਾਕਾਂ ਤੋਂ ਕੀਤਾ ਜਾਵੇਗਾ ਅਤੇ ਇਹਨਾਂ ਮੈਡੀਕਲ ਟੀਮਾਂ ਦੇ ਵਿੱਚ ਮੈਡੀਕਲ ਅਫਸਰਾਂ, ਸਟਾਫ ਨਰਸਾਂ ਤੋਂ ਇਲਾਵਾ ਫੀਲਡ ਸਟਾਫ ਦੀ ਤੈਨਾਤੀ ਵੀ ਕੀਤੀ ਜਾਵੇਗੀ। ਡਾਕਟਰ ਗੁਰਪ੍ਰੀਤ ਨੇ ਦੱਸਿਆ ਕਿ ਵਿਭਾਗ ਵੱਲੋਂ ਪਾਣੀ ਦੀ ਕਲੋਰੀਨੇਸ਼ਨ ਕਰਨ ਸਬੰਧੀ ਵੀ ਟੀਮਾਂ ਦੀ ਗਠਿਤ ਕੀਤੀਆਂ ਹਨ ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਸਾਫ ਸੁਥਰਾ ਪਾਣੀ ਪੀਣ ਨੂੰ ਮਿਲੇ। ਉਹਨਾਂ ਦੱਸਿਆ ਕਿ ਫੂਡ ਸੇਫਟੀ ਵਿੰਗ ਵੱਲੋਂ ਸਮਾਗਮ ਦੌਰਾਨ ਖਾਣ ਪੀਣ ਵਾਲੀਆਂ ਵਸਤੂਆਂ ਦੀ ਜਾਂਚ ਵੀ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਜਤਿੰਦਰ ਸਿੰਘ ਗਿੱਲ, ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਸਤਵਿੰਦਰ ਭਗਤ, ਜ਼ਿਲਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ, ਡਾ. ਸੁਖਜਿੰਦਰ ਸਿੰਘ, ਜਿਲ੍ਹਾ ਐਪੀਡਮੋਲੋਜਿਸਟ ਡਾ. ਸਿਮਰਨ ਕੌਰ, ਜਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਤੋਂ ਇਲਾਵਾ ਸਮੂਹ ਸੀਨੀਅਰ ਮੈਡੀਕਲ ਅਫਸਰ ਮੌਜੂਦ ਰਹੇ।