ਦੀਨਾਨਗਰ, 15 ਜੂਨ 2024 : ਬੀਤੀ ਸ਼ਾਮ ਦੀਨਾਨਗਰ ਨੇੜਲੇ ਪਿੰਡ ਡੀਡਾ ਸਾਸੀਆਂ ਵਿੱਚ ਰਜਵਾਹੇ ਦੇ ਨਾਲ ਲੱਗਦੀਆਂ ਝਾੜੀਆਂ ਵਿੱਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ ਇੱਕ ਨੌਜਵਾਨ ਦੀ ਲਾਸ਼ ਪਿੰਡ ਝਾਂਗੀ ਸਵਰੂਪ ਦਾਸ ਦੀਆਂ ਝਾੜੀਆਂ ਵਿੱਚੋਂ ਮਿਲਣ ਤੋਂ ਬਾਅਦ ਅੱਜ ਪੁਲਿਸ ਨੇ ਪਿੰਡ ਦੀ ਚਾਰੋਂ ਤਰਫ ਤੋਂ ਘੇਰਾਬੰਦੀ ਕਰਕੇ ਪਿੰਡ ਅੰਦਰ ਚੈਕਿੰਗ ਅਭਿਆਨ ਚਲਾਇਆ ਅਤੇ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਅਤੇ ਪਿੰਡ ਅੰਦਰ ਲੋਕਾਂ ਦੇ ਆਣ ਜਾਣ ਤੇ ਪਾਬੰਦੀ ਲਗਾਈ ਤਾਂ ਜੋਂ ਕੋਈ ਵੀ ਸ਼ੱਕੀ ਵਿਅਕਤੀ ਪਿੰਡ ਤੋ ਬਾਹਰ ਨਾ ਜਾ ਸੱਕੇ। ਪੁਲਿਸ ਕਰਮਚਾਰੀਆਂ ਵੱਲੋਂ ਘਰ ਘਰ ਵੜ ਕੇ ਅਤੇ ਘਰਾਂ ਦੇ ਚੁਬਾਰਿਆਂ ਤੇ ਚੜ ਕੇ ਇੱਕ ਇੱਕ ਚੀਜ਼ ਫਰੋਲੀ ਗਈ ਤਾਂ ਜੋ ਕੋਈ ਕਸਰ ਨਾ ਰਹਿ ਜਾਵੇ। ਚੈਕਿੰਗ ਅਭਿਆਨ ਕਰਨ ਪਹੁੰਚੇ ਡੀਐਸਪੀ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕੱਲ ਸ਼ਾਮ ਵੇਲੇ ਵੀ ਪਿੰਡ ਅੰਦਰ ਸਰਚ ਅਭਿਆਨ ਚਲਾਇਆ ਗਿਆ ਸੀ। ਅੱਜ ਵੀ ਸਵੇਰੇ ਤੜਕਸਾਰ ਤੋਂ ਇਹ ਸਰਚ ਬਿਆਨ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਗੈਰ ਕਾਨੂੰਨੀ ਜਾਂ ਨਸ਼ੇ ਵਾਲੀ ਚੀਜ਼ ਬਰਾਮਦ ਨਹੀਂ ਹੋਈ ਅਤੇ ਜੋ ਨਸ਼ੇ ਦੇ ਕਾਰੋਬਾਰ ਕਰਨ ਦੇ ਸ਼ੱਕੀ ਲੋਕ ਹਨ ਉਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਨੋਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨਾਂ ਵਿੱਚੋਂ ਇੱਕ ਦੀ ਪਹਿਛਾਣ ਹੋਈ ਹੈ ਜੋ ਪਠਾਨਕੋਟ ਜ਼ਿਲ੍ਹੇ ਦੇ ਤਾਰਾਗੜ੍ਹ ਦਾ ਰਹਿਣ ਵਾਲਾ ਹੈ। ਬਾਕੀ ਇਹਨਾਂ ਦੀ ਮੌਤ ਦੇ ਕਾਰਨਾਂ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਪਿੰਡ ਵਿੱਚ ਸ਼ਰੇਆਮ ਵਿਕ ਰਿਹਾ ਨਸ਼ਾ, ਪੁਲਿਸ ਨੇ ਨਹੀਂ ਕੀਤੀ ਕਾਰਵਾਈ
ਇਸ ਮੌਕੇ ਪਿੰਡ ਦੇ ਇੱਕ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਕਈ ਵਾਰ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੱਸਿਆ ਕਿ ਪੁਲਿਸ ਨੇ ਆ ਕੇ ਪਿੰਡ ਦੀ ਘੇਰਾਬੰਦੀ ਕੀਤੀ ਹੈ ਅਤੇ ਘਰਾਂ ਦੀ ਤਲਾਸ਼ੀ ਕੀਤੀ ਹੈ। ਅਤੇ ਇਸ ਦੌਰਾਨ ਨਸ਼ਾ ਵੇਚਣ ਵਾਲੇ ਚਾਰ ਤੋਂ ਪੰਜ ਵਿਅਕਤੀਆਂ ਨੂੰ ਪੁੱਛਗਿੱਛ ਲਈ ਆਪਣੀ ਹਿਰਾਸਤ ਵਿੱਚ ਵੀ ਲਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਪਿੰਡ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਹੋਰ ਵੀ ਨੌਜਵਾਨ ਨਸ਼ੇ ਦੀ ਭੇਟ ਚੜਨਗੇ। ਭਾਰਤੀ ਕਿਸਾਨ ਯੂਨੀਅਨ ਚੜੁਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਵੀ ਪੁਹੰਚੇ ਉਹਨਾਂ ਕਿਹਾ ਕਿ ਇਹ ਪਿੰਡ ਨਸ਼ਾ ਵੇਚਣ ਲਈ ਬਦਨਾਂਮ ਪਿੰਡ ਹੈ ਅੱਤੇ ਪਿੰਡ ਵਿੱਚ ਸ਼ਰ੍ਹੇਆਮ ਨਸ਼ਾ ਵਿਕਦਾ ਹੈ ਇਸ ਲਈ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਹ ਮੌਤਾਂ ਵੀ ਨਸ਼ੇ ਕਾਰਨ ਹੋਈਆਂ ਹਨ।