- 18,000 ਮਰੀਜ਼ ਹਾਸਲ ਕਰ ਚੁੱਕੇ ਹਨ ਸਿਹਤ ਸੁਵਿਧਾਵਾਂ ਦਾ ਲਾਭ
- ਆਮ ਆਦਮੀ ਕਲੀਨਿਕ, ਮਰੀਜਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ ਲਾਹੇਵੰਦ ਸਾਬਤ ਹੋਏ-ਵਿਧਾਇਕ ਸ਼ੈਰੀ ਕਲਸੀ
ਬਟਾਲਾ, 25 ਜੁਲਾਈ : ਪੰਜਾਬ ਸਰਕਾਰ ਵਲੋਂ ਜ਼ਿਲੇ ਅੰਦਰ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਾਈ ਹੋਏ ਹਨ ਅਤੇ ਕਲੀਨਿਕਾਂ ਵਿੱਚ ਡਾਕਟਰੀ ਸਲਾਹ ਦੇ ਨਾਲ-ਨਾਲ ਟੈਸਟ ਤੇ ਦਵਾਈਆਂ ਆਦਿ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਪਿੰਡ ਮਸਾਣੀਆਂ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਦੀ ਜਾਣਕਾਰੀ ਦਿੰਦਿਆਂ ਐਸ.ਐਮ.ਓ ਭੁੱਲਰ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਅਗਸਤ 2022 ਨੂੰ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਵਿੱਚ 24 ਜੁਲਾਈ 2023 ਤੱਕ ਕਰੀਬ 18,000 ਮਰੀਜ਼ ਸਿਹਤ ਸੁਵਿਧਾਵਾਂ ਦਾ ਲਾਭ ਲੈ ਚੁੱਕੇ ਹਨ। ਕਲੀਨਿਕ ਵਿੱਚ ਇੰਚਾਰਜ ਡਾ. ਜਸਮੀਤ ਕੋਰ ਐਮ.ਡੀ, ਫਾਰਮਸਿਸਟ ਸ਼ਾਕਸੀ, ਹੈਲਥ ਕਲੀਨਿਕ ਪ੍ਰੀਤੀ ਤੇ ਹੈਲਪਰ ਮਨਦੀਪ ਕੋਰ ਵਲੋਂ ਮਰੀਜਾਂ ਨੂੰ ਵਧੀਆ ਢੰਗ ਨਾਲ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ 70 ਪ੍ਰਕਾਰ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਅਤੇ 40 ਪ੍ਰਕਾਰ ਦੇ ਟੈਸਟ ਕੀਤੇ ਜਾਂਦੇ ਹਨ। ਸਿਹਤ ਵਿਭਾਗ ਵਲੋਂ ਹੋਰ 150 ਪ੍ਰਕਾਰ ਦੀਆਂ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਦਵਾਈ ਲੈਣ ਆਏ ਮਰੀਜ਼ ਜਸਬੀਰ ਕੋਰ ਪਿੰਡ ਸੰਗਤਪੁਰਾ, ਰੂਪਾ ਮਸੀਹ ਪਿੰਡ ਮਸਾਣੀਆਂ ਤੇ ਸੁੱਚਾ ਸਿੰਘ ਵਾਸੀ ਉਮਰਪੁਰਾ ਨੇ ਆਮ ਆਦਮੀ ਕਲੀਨਿਕ ਵਿਖੇ ਮਿਲ ਰਹੀਆਂ ਆਮ ਆਦਮੀ ਕਲੀਨਿਕ ਵਿੱਚ ਸਿਹਤ ਸੁਵਿਧਾਵਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਹੁਣ ਮਰੀਜਾਂ ਨੂੰ ਦੂਰ ਢੁਰਾਢੇ ਦਵਾਈ ਲੈਣ ਜਾਣ ਤੋਂ ਨਿਜਾਤ ਮਿਲੀ ਹੈ ਅਤੇ ਘਰ ਨੇੜੇ ਹੀ ਕਲੀਨਿਕ ਵਿੱਚ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਸ. ਭਗਵੰਤ ਸਿੰਘ ਮਾਨ , ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ, ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ।ਆਮ ਆਦਮੀ ਕਲੀਨਿਕ ਵਿੱਚ ਦਵਾਈਆਂ ਤੇ ਟੈਸਟ ਬਿਲਕੁੱਲ ਮੁਫਤ ਮੁਹੱਈਆ ਕਰਵਾਏ ਜਾ ਰਹੇ ਹਨ। ਕਲੀਨਿਕ ਵਿਖੇ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਉਨਾਂ ਦੱਸਿਆ ਕਿ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਡਿਉਟੀ ਨਿਭਾਉਣ ਤੇ ਸਿਹਤ ਸਹੂਲਤਾਂ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।