ਬਟਾਲਾ, 30 ਅਕਤੂਬਰ 2024 : ਡਿਪਟੀ ਕਮਿਸ਼ਨਰ ਗੁਰਦਾਸਪੁਰ, ਉਮਾ ਸ਼ੰਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਖਰੀਦ ਅਤੇ ਲਿਫਟਿੰਗ ਨਿਰਵਿਘਨ ਜਾਰੀ ਹੈ ਅਤੇ ਮੰਡੀਆਂ ਵਿੱਚੋਂ ਕਰੀਬ 63 ਫੀਸਦ ਝੋਨਾ ਚੁੱਕਿਆ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਕੱਲ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 396497 ਮੀਟਰਕ ਟਨ ਆਏ ਝੋਨੇ ਵਿਚੋਂ 370334 ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਨਗਰੇਨ ਵਲੋਂ 142902 ਮੀਟਰਕ ਟਨ ਖਰੀਦ ਕੀਤੀ ਹੈ, ਮਾਰਕਫੈੱਡ ਨੇ 95093 ਮੀਟਰਕ ਟਨ, ਪਨਸਪ ਨੇ 89771 ਮੀਟਰਕ ਟਨ,ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 41314,ਐਫ ਸੀ ਆਈ ਨੇ 1215 ਮੀਟਰਕ ਟਨ ਅਤੇ ਟਰੇਡਰਜ਼ ਨੇ 43 ਮੀਟਰਕ ਝੋਨੇ ਦੀ ਖਰੀਦ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ ਵਿਚ ਜਿੱਥੇ ਝੋਨੇ ਦੀ ਆਮਦ ਵਿਚ ਤੇਜ਼ੀ ਨਾਲ ਵੱਧ ਰਹੀ ਹੈ, ਉਥੇ ਰੋਜ਼ਾਨਾ ਲਿਫਟਿੰਗ ਵਿਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਖਰੀਦੇ ਗਏ ਝੋਨੇ ਬਦਲੇ ਅਦਾਇਗੀ 48 ਘੰਟੇ ਦੇ ਮਿੱਥੇ ਗਏ ਸਮੇਂ ਤੋਂ ਵੀ ਪਹਿਲਾਂ ਯਕੀਨੀ ਬਣਾਈਆ ਜਾ ਰਹੀ ਹੈ। ਖਰੀਦੇ ਗਏ ਝੋਨੇ ਬਦਲੇ ਕਿਸਾਨਾਂ ਨੂੰ 715.30 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਫਸਲ ਸੁੱਕੀ ਲੈ ਕੇ ਆਉਣ ਅਤੇ ਫਸਲ ਦੀ ਕਟਾਈ ਤੋਂ ਬਾਅਦ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ।