ਅੰਮ੍ਰਿਤਸਰ 11 ਮਈ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਬੀਤੀ ਰਾਤ ਸ੍ਰੀ ਦਰਬਾਰ ਸਾਹਿਬ ਦੀ ਸਰਾਂ ਦੇ ਪਿਛਲੇ ਪਾਸੇ ਗਲਿਆਰਾ ਵਿੱਚ ਤੀਸਰਾ ਬੰਬ ਧਮਾਕਾ ਹੋਇਆ ਹੈ। ਇਨ੍ਹਾਂ ਲਗਾਤਾਰ ਹੋਏ ਧਮਾਕਿਆਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਲੇ ਸਰਧਾਲੂਆਂ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਹੁੰਦੇ ਵਿਉਪਾਰ ਨੂੰ ਭਾਰੀ ਠੇਸ ਵੱਜੀ ਹੈ। ਉਥੇ ਦੇਸ਼ ਵਿਦੇਸ਼ ਭਰ ਵਿਚ ਵਸਦੇ ਪੰਜਾਬੀਆਂ ਤੇ ਸਰਧਾਲੂਆਂ ਦੇ ਮਨ ਬਚੈਨ ਤੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਅਸਾਂ ਪਹਿਲਾ ਸ਼ੰਕਾ ਜ਼ਾਹਿਰ ਕੀਤਾ ਸੀ ਕਿ ਇਹ ਕਿਸੇ ਸਾਜਿਸ਼ ਤਹਿਤ ਧਮਾਕੇ ਕਰੇ ਕਰਵਾਏ ਜਾ ਰਹੇ ਹਨ ਉਹ ਸਪੱਸ਼ਟ ਸਿਧ ਹੋਏ ਹਨ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਉਨ੍ਹਾਂ ਕਿਹਾ ਭਾਵੇਂ ਸਰਕਾਰੀ ਤੰਤਰ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪੁਛਗਿੱਛ ਤੋਂ ਅਸਲ ਤਸਵੀਰ ਸਪੱਸ਼ਟ ਹੋਵੇਗੀ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸੰਵੇਦਨਸ਼ੀਲ ਧਾਰਮਿਕ ਅਸਥਾਨਾਂ ਨਜ਼ਦੀਕ ਹਰ ਤਰ੍ਹਾਂ ਦੇ ਬਾਜ਼ ਨਜ਼ਰ ਵਾਲੇ ਸੁਰੱਖਿਆਂ ਪ੍ਰਬੰਧ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਅਫਸੋਸ ਹੈ ਕਿ ਇਹ ਧਮਾਕੇ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰਾ ਤੇ ਵਿਰਾਸਤੀ ਸਟਰੀਟ ਵਿਚ ਹੀ ਹੋਏ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਇਹ ਧਮਾਕੇ ਕਿਸ ਮਨਸ਼ਾ ਨਾਲ ਕੀਤੇ ਗਏ, ਇਨ੍ਹਾਂ ਪਿੱਛੇ ਕਿਹੜੀ ਮੰਦਭਾਗੀ ਸਾਜਿਸ਼ ਵਾਲੇ ਲੋਕ ਹਨ ਉਹ ਨੰਗੇ ਕੀਤੇ ਜਾਣੇ ਚਾਹੀਦੇ ਹਨ।