ਗੁਰਦਾਸਪੁਰ : ਵਿਜੀਲੈਂਸ ਵੱਲੋਂ ਜਾਅਲੀ ਬਿੱਲ ਲਗਾ ਕੇ ਸਰਕਾਰੀ ਫੰਡ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੋਵਾਲ ਦੇ ਪ੍ਰਿੰਸੀਪਲ ਰਕੇਸ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹਾਲਾਂਕਿ ਵਿਭਾਗੀ ਨਿਯਮਾਂ ਅਨੁਸਾਰ ਗੁਪਤਾ ਦੀ ਸਸਪੈਨਸ਼ਨ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ 24 ਘੰਟੇ ਬਾਅਦ ਵੀ ਆਟੋਮੈਟਿਕ ਹੋ ਗਈ ਸੀ ਪਰ ਇਸ ਦੇ ਵਿਭਾਗੀ ਤੌਰ ਤੇ ਹੁਕਮ ਲਗਭਗ ਇੱਕ ਮਹੀਨੇ ਬਾਅਦ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਦੀ ਸਿਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਆਈ ਏ ਐਸ ਜਸਪ੍ਰੀਤ ਤਲਵਾੜ ਵੱਲੋਂ ਕੱਢੇ ਗਏ ਇਸ ਪੱਤਰ ਅਨੁਸਾਰ ਪੰਜਾਬ ਸਿਵਲ ਸੇਵਾਵਾਂ ( ਸਜਾ ਅਤੇ ਅਪੀਲ) ਨਿਯਮਾਵਲੀ 1970 ਦੇ ਨਿਯਮ 4 (2) ਅਨੁਸਾਰ ਗ੍ਰਿਫਤਾਰੀ ਦੇ ਦਿਨ ਤੋਂ ਯਾਨੀ ਕਿ 1 ਨਵੰਬਰ ਤੋਂ ਹੀ ਰਕੇਸ਼ ਗੁਪਤਾ ਦੀ ਮੁਅੱਤਲੀ ਮੰਨੀ ਜਾਵੇਗੀ ਅਤੇ ਮੁਅੱਤਲੀ ਦੇ ਪੀਰੀਅਡ ਦੌਰਾਨ ਉਨ੍ਹਾਂ ਨੂੰ ਸਿਰਫ਼ ਗੁਜ਼ਾਰਾ ਭੱਤਾ ਹੀ ਸਰਕਾਰ ਵੱਲੋਂ ਦੇਣ ਯੋਗ ਹੋਵੇਗਾ। ਇਸ ਦੇ ਨਾਲ ਹੀ ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈਡਕੁਆਟਰ ਡਾਇਰੈਕਟਰ ਸਿੱਖਿਆ ਵਿਭਾਗ ਮੋਹਾਲੀ ਹੋਵੇਗਾ। ਦੱਸ ਦਈਏ ਕਿ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭਾਗੋਵਾਲ ਦੇ ਪ੍ਰਿੰਸਿਪਲ ਰਾਕੇਸ਼ ਗੁਪਤਾ ਅਤੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਤਾਰਾਗੜ੍ਹ ਦੇ ਪ੍ਰਿੰਸਿਪਲ ਰਾਮਪਾਲ ਨੂੰ ਵਿਜੀਲੈਂਸ ਵੱਲੋਂ 1 ਨਵੰਬਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਬੰਧ ਵਿੱਚ ਜਦੋਂ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਾਗਜ਼ੀ ਕਾਰਵਾਈ ਦੇ ਚਲਦਿਆਂ ਮੁਅੱਤਲੀ ਦੇ ਹੁਕਮ ਦੇਰੀ ਨਾਲ ਜਾਰੀ ਹੋਏ ਹਨ ਪਰ ਵਿਭਾਗੀ ਨਿਯਮਾਂ ਅਨੁਸਾਰ ਉਨ੍ਹਾਂ ਦੀ ਮੁਅੱਤਲੀ ਗ੍ਰਿਫਤਾਰੀ ਦੇ ਦਿਨ ਤੋਂ ਹੀ ਲਾਗੂ ਹੋ ਗਈ ਸੀ।