ਬਟਾਲਾ, 16 ਸਤੰਬਰ 2024 : ‘ਕੁਦਰਤੀ ਸੋਮੇ ਬਚਾੳ ਅਤੇ ਸਭ ਨੂੰ ਖੁਸ਼ਹਾਲ ਬਣਾਉਣ ’ਦੇ ਉਦੇਸ਼ ਨਾਲ ‘ਰਿਜ਼ਨਲ ਕਿਸਾਨ ਮੇਲਾ’ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਿਜ਼ਨਲ ਸਟੇਸ਼ਨ ਗੁਰਦਾਸਪੁਰ ਵਿਖੇ 18 ਸਤੰਬਰ ਦਿਨ ਬੁੱਧਵਾਰ ਲਗਾਇਆ ਜਾ ਰਿਹਾ ਹੈ। ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਲਾਲ ਚੰਦ ਕਟਾਰੂਚੱਕ, ਕੈਬਨਿਟ ਮੰਤਰੀ, ਫੂਡ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਪੰਜਾਬ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਕੇਂਦਰ ਦੇ ਨਿਰਦੇਸ਼ਕ ਡਾ ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਹਾੜੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ, ਫਲ਼ਦਾਰ ਬੂਟੇ ਅਤੇ ਸ਼ਬਜੀਆਂ ਦੀ ਪਨੀਰੀ ਮੁਹੱਈਆ ਕਰਵਾਈ ਜਾਵੇਗੀ। ਵੱਖ ਵੱਖ ਵਿਸ਼ਾ ਮਾਹਿਰਾ ਵੱਲੋ ਹਾੜੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀਆਂ ਖੇਤੀ ਮੁਸ਼ਕਿਲਾਂ ਬਾਰੇ ਸੁਆਲ-ਜੁਆਬ ਵੀ ਹੋਣਗੇ। ਇਸ ਤੋ ਇਲਾਵਾ ਪੀ ਏ ਯੂ ਅਤੇ ਪ੍ਰਾਈਵੇਟ ਕੰਪਨੀਆਂ ਵੱਲੋ ਸਟਾਲ/ਪ੍ਰਦਰਸ਼ਨੀਆਂ ਵੀ ਲਗਾਏ ਜਾਣਗੇ, ਜਿਸ ਵਿੱਚ ਕਿਸਾਨ ਵੀਰਾਂ ਅਤੇ ਬੀਬੀਆਂ ਲਏ ਬਹੁਤ ਕੀਮਤੀ ਜਾਣਕਾਰੀ ਹੋਵੇਗੀ। ਉਨਾਂ ਨੇ ਅੱਗੇ ਦੱਸਿਆ ਕਿ ਕਿਸਾਨ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਲਾਲ ਚੰਦ ਕਟਾਰੂਚੱਕ, ਕੈਬਨਿਟ ਮੰਤਰੀ ਪੰਜਾਬ, ਡਾ. ਸਤਬੀਰ ਸਿੰਘ ਗੋਸਲ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਿਪਟੀ ਕਮਿਸ਼ਨਰ, ਗੁਰਦਾਸਪੁਰ ਅਤੇ ਹਰਦਿਆਲ ਸਿੰਘ ਗਜਨੀਪੁਰ, ਬੋਰਡ ਆਫ ਮੈਨੇਜਮੈਂਟ, ਪੀ.ਏ.ਯੂ. ਵਿਸ਼ੇਸ਼ ਮਹਿਮਾਨ ਹੋਣਗੇ। ਉਨਾਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਕੇਂਦਰ, ਗੁਰਦਾਸਪੁਰ ਦੇ ਵਿਹੜੇ ਵਿਚ 18 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੁੰਮ ਹੁੰਮਾਂ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਕੇਂਦਰ, ਗੁਰਦਾਸਪੁਰ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।