ਤਰਨ ਤਾਰਨ, 27 ਸਤੰਬਰ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਅਧੀਨ ਅੱਜ ਪੋਸ਼ਣ ਅਭਿਆਨ ਤਹਿਤ ਹਰ ਸਾਲ ਦੀ ਤਰ੍ਹਾਂ ਦਫਤਰ ਜਿਲ੍ਹਾ ਪ੍ਰੋਗਰਾਮ ਅਫ਼ਸਰ ਤਰਨ ਤਾਰਨ ਵੱਲੋਂ ਪਿੰਡ ਪੰਡੋਰੀ ਗੋਲਾ ਤਰਨ ਤਾਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਵਜੋਂ ਮਨਾਇਆ ਗਿਆ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ ਆਈ.ਏ.ਐੱਸ. ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ, ਜਿੱਥੇ ਉਹਨਾਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਪੌਦਾ ਲਗਾ ਕੇ ਕੀਤੀ। ਇਸ ਦੌਰਾਨ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਮੁਤਾਬਿਕ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਕੁਪੋਸ਼ਣ ਪ੍ਰਤੀ ਜਾਗਰੂਕ ਕਰਦੇ ਹੋਏ, ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਵੱਲੋਂ ਗਰਭਵਤੀ ਔਰਤਾਂ ਨੂੰ ਗੋਦਭਰਾਈ ਰਸਮ ਨਾਲ ਸਨਮਾਨਿਤ ਕੀਤਾ ਗਿਆ ਅਤੇ 6 ਮਹੀਨੇ ਦੇ ਬੱਚਿਆਂ ਨੂੰ ਅੰਨ ਪ੍ਰਾਸਨ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਕੁਪੋਸ਼ਣ ਪ੍ਰਤੀ ਜਾਗਰੂਕ ਕਰਦੇ ਹੋਏ ਉਹਨਾਂ ਨੂੰ ਚੰਗੀ ਸਿਹਤ ਲਈ ਨਿਊਟ੍ਰਿਸ਼ਨ ਭਰਪੂਰ ਖਾਣਾ ਖਾਣ ਸਬੰਧੀ ਦੱਸਿਆ ਗਿਆ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਏ ਜਾਂਦੇ ਆਂਗਣਵਾੜੀ ਸੈਂਟਰਾਂ ਰਾਹੀਂ ਮਿਲਣ ਵਾਲੀਆਂ ਸਹੂਲਤਾਂ ਪ੍ਰਤੀ ਵੀ ਜਾਗਰੂਕ ਕੀਤਾ ਗਿਆ। ਇਸ ਸਮਾਗਮ ਵਿੱਚ ਸਿਹਤ ਵਿਭਾਗ ਤਰਨ ਤਾਰਨ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ, ਜਿਸ ਵਿੱਚ ਉਹਨਾਂ ਵੱਲੋਂ ਚੰਗੀ ਸਿਹਤ ਅਤੇ ਸਹੀ ਪੋਸ਼ਣ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮਾਗਮ ਦੌਰਾਨ ਸਿਹਤ ਵਿਭਾਗ ਦੇ ਡੀ.ਆਈ.ਓ. ਸ਼੍ਰੀਮਤੀ ਵਰਿੰਦਰ ਕੌਰ, ਜਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਪਰਮਜੀਤ ਕੌਰ, ਜਿਲ੍ਹਾ ਕੋਆਰਡੀਨੇਟਰ (ਪੋਸ਼ਣ ਅਭਿਆਨ) ਗੁਰਵੇਲ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਗੀਤਾਂਜਲੀ, ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਜਿਲ੍ਹਾ ਤਰਨ ਤਾਰਨ ਅਤੇ ਸਮੂਹ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤਰਨ ਤਾਰਨ ਦੇ ਕਰਮਚਾਰੀ ਹਾਜ਼ਰ ਰਹੇ।