ਅੰਮ੍ਰਿਤਸਰ, 15 ਜੂਨ 2024 : ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਪੇਨ ਤੋਂ ਆਏ ਪੰਜਾਬੀ ਨੌਜਵਾਨ ਕੰਵਲਜੀਤ ਸਿੰਘ ਤੇ ਉਸਦੀ ਸਪੈਨਿਸ਼ ਮੂਲ ਦੀ ਪਤਨੀ ਨਾਲ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿਚ ਸਥਾਨਕ ਲੋਕਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਸਖ਼ਤ ਨਿਖੇਧੀ ਕਰਦਾ ਹਾਂ। ਮਜੀਠੀਆ ਨੇ ਕਿਹਾ ਕਿ ਫਿਲਮੀ ਅਦਾਕਾਰਾ ਤੇ ਹੁਣ ਐਮ ਪੀ ਬਣੇ ਕੰਗਣਾ ਰਣੌਤ ਵੱਲੋਂ ਪੰਜਾਬੀਆਂ ਕੀਤੀਆਂ ਬਿਆਨਬਾਜ਼ੀ ਦਾ ਹੀ ਇਹ ਅਸਰ ਹੈ ਕਿ ਹਿਮਾਚਲੀ ਲੋਕ ਪੰਜਾਬੀ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹੁਣ ਇਹ ਜੋੜਾ ਪੰਜਾਬੀਆਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਹਿਮਾਚਲ ਪ੍ਰਦੇਸ਼ ਘੁੰਮਣ ਨਾ ਜਾਣ ਕਿਉਂਕਿ ਉਥੇ ਦੇ ਲੋਕਾਂ ਦੇ ਮਨਾਂ ਵਿਚ ਪੰਜਾਬੀਆਂ ਪ੍ਰਤੀ ਨਫ਼ਰਤ ਫੈਲ ਗਈ ਹੈ। ਮਜੀਠੀਆ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਵਰਤਾਰਾ ਹੈ, ਇਸ ਪ੍ਰਤੀ ਸਾਰਿਆਂ ਨੂੰ ਖਾਸ ਤੌਰ ’ਤੇ ਕੇਂਦਰ ਸਰਕਾਰ ਤੇ ਭਾਜਪਾ ਲੀਡਰਸ਼ਿਪ ਨੂੰ ਸੋਚਣ ਦੀ ਲੋੜ ਹੈ ਕਿ ਕੰਗਨਾ ਦੀ ਜ਼ਹਿਰੀਲੀ ਬਿਆਨਬਾਜ਼ੀ ਕੀ ਰੰਗ ਲਿਆ ਰਹੀ ਹੈ। ਦੱਸ ਦਈਏ ਪੀੜਤ ਪੰਜਾਬੀ ਪਰਿਵਾਰ ਸਪੇਨ ਵਿਚ ਰਹਿੰਦਾ ਸੀ ਤੇ ਆਪਣਾ ਸਭ ਕੁੱਝ ਉੱਥੇ ਛੱਡ ਕੇ ਪੰਜਾਬ ਵਿਚ ਅਪਣਾ ਕੰਮ ਕਰਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਆਇਆ ਸੀ ਪਰ ਦੋ ਦਿਨ ਪਹਿਲੇ ਉਹ ਹਿਮਾਚਲ ਦੇ ਡਲਹੋਜ਼ੀ ਇਲਾਕੇ ਵਿਚ ਘੁੰਮਣ ਗਏ ਸੀ ਜਿਸ ਦੌਰਾਨ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ।