ਬਟਾਲਾ, 29 ਜੁਲਾਈ : ਡਾ ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਝੋਨੇ/ਬਾਸਮਤੀ ਵਿੱਚ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੇ ਪੈਦਾਵਾਰ ਤੇ ਪੈਂਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਅਤੇ ਜ਼ਿਲ੍ਹਾ ਕਿਸਾਨ ਸਿਖਲਾਈ ਕੇਂਦਰ ਦੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਡਾ. ਕਿਰਪਾਲ ਸਿੰਘ ਢਿੱਲੋਂ, ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਵਲੋਂ ਬਾਸਮਤੀ ਦੀ ਫ਼ਸਲ ਉੱਪਰ ਗੈਰ-ਸਿਫਾਰਸ਼-ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਬਾਸਮਤੀ ਚਾਵਲ ਨੂੰ ਬਰਾਮਦ ਕਰਨ ਸਮੇਂ ਕਈ ਕੀਟਨਾਸ਼ਕਾਂ ਦੇ ਅੰਸ਼ ਨਿਰਧਾਰਤ ਮਾਪਦੰਡਾਂ ਤੋਂ ਵਧੇਰੇ ਆਉਣ ਕਾਰਨ ਚਾਵਲ ਐਕਸਪੋਰਟ ਕਰਨ ਵਾਲੀਆਂ ਏਜੰਸੀਆ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10 ਕੀਟਨਾਸ਼ਕਾਂ ਜਿਵੇਂ ਐਸੀਫੇਟ, ਬੂਪਰੋਜ਼ਿਨ, ਕਲੋਰੋਪਾਈਰੀਫਾਸ, ਮੀਥਾਮੀਡੋਫਾਸ, ਪਰੌਪੀਕੋਨਾਜ਼ੋਲ, ਥਾਇਆਮੀਥੋਕਸਮ, ਪ੍ਰੋਫਿਨਾਫਾਸ, ਆਈਸੋਪਰੋਥਾਇਉਲੇਨ, ਕਾਰਬੈਂਡਾਜ਼ਿਮ, ਟਰਾਈ ਸਾਈਕਲਾਜ਼ੋਲ ਦੀ ਬਾਸਮਤੀ ਦੀ ਫਸਲ ਉੱਪਰ ਵਰਤੋਂ, ਵੇਚਣ ਅਤੇ ਭੰਡਾਰਣ ਕਰਨ ਦੀ ਮਨਾਹੀ ਕੀਤੀ ਗਈ ਹੈ। ਇਸ ਲਈ ਇਨਾਂ ਕੀਟਨਾਸ਼ਕਾਂ ਦੀ ਵਰਤੋਂ ਬਾਸਮਤੀ ਦੀ ਫਸਲ ਉੱਪਰ ਨਾ ਕੀਤੀ ਜਾਵੇ ਤਾਂ ਜੋ ਐਕਸਪੋਰਟ ਏਜੰਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ। ਡਾ ਢਿੱਲੋਂ ਨੇ ਅੱਗੇ ਕਿਹਾ ਕਿ ਇਸ ਸਮੇਂ ਝੋਨੇ/ਬਾਸਮਤੀ ਉੱਪਰ ਕਿਸੇ ਕਿਸਮ ਦੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਹੈ। ਉਨਾਂ ਕਿਹਾ ਕਿ ਝੋਨੇ/ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਨੂੰ ਵਧਾਇਆ ਜਾ ਸਕੇ। ਉਨਾਂ ਕਿਹਾ ਕਿ ਪੂਸਾ 1847, 1692, 1121 ਅਤੇ 1509 ਕਿਸਮਾਂ ਤੇ ਕੁਝ ਥਾਵਾਂ ਤੇ ਪੈਰਾਂ ਦੇ ਗਲਣ ਦੇ ਰੋਗ ਦਾ ਹਮਲਾ ਹੋਇਆ ਹੈ, ਜਿਸ ਦੀ ਰੋਕਥਾਮ ਲਈ ਕਿਸੇ ਦੇ ਕਹਿਣ ਤੇ ਕੋਈ ਉੱਲੀਨਾਸ਼ਕ ਜਾਂ ਕਿਸੇ ਹੋਰ ਖੇਤੀ ਸਮੱਗਰੀ ਦੀ ਵਰਤੋਂ ਨਾ ਕੀਤੀ ਜਾਵੇ ਸਗੋਂ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਰੋਕਥਾਮ ਕੀਤੀ ਜਾਵੇ। ਉਨਾਂ ਕਿਹਾ ਕਿ ਪ੍ਰਭਾਵਤ ਖੇਤਾਂ ਵਿੱਚੋਂ ਝੰਡਾਂ ਰੋਗ ਨਾਲ ਗ੍ਰਸਤ ਪੌਦੇ ਜੜ੍ਹੋਂ ਪੁੱਟ ਕੇ ਦਬਾ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ।