ਅੰਮ੍ਰਿਤਸਰ : ਸੁਧੀਰ ਸੂਰੀ ਕਤਲਕਾਂਡ ਵਿਚ ਨਵਾਂ ਮੋੜ ਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਐੱਨਆਈਏ ਸੁਧੀਰ ਸੂਰੀ ਕਤਲਕਾਂਡ ਦੀ ਜਾਂਚ ਕਰੇਗੀ। ਕਤਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਸ਼ਿਵ ਸੈਨਾ ਦੇ ਕਈ ਆਗੂਆਂ ਵੱਲੋਂ ਪੂਰੇ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ। ਇਸੇ ਤਹਿਤ NIA ਵੱਲੋਂ ਸੁਧੀਰ ਸੂਰੀ ਕਤਲਕਾਂਡ ਦੀ ਜਾਂਚ ਕੀਤੀ ਜਾਵੇਗੀ ਤੇ ਥੋੜ੍ਹੀ ਦੇਰ ਵਿਚ ਹੀ ਐੱਨਆਈਏ ਅਧਿਕਾਰੀਆਂ ਦੀ ਟੀਮ ਅੰਮ੍ਰਿਤਸਰ ਪਹੁੰਚ ਜਾਵੇਗੀ ਜਿਥੇ ਸ਼ਿਵ ਸੈਨਾ ਆਗੂ ਨੂੰ ਗੋਲੀ ਮਾਰਨ ਵਾਲੇ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਤੋਂ ਪੁੱਛਗਿਛ ਕੀਤੀ ਜਾਵੇਗੀ। ਹਿੰਦੂ ਆਗੂਆਂ ਪੰਜਾਬ ਵਿਚ ਅੱਜ ਬੰਦ ਦੀ ਅਪੀਲ ਕੀਤੀ ਗਈ ਹੈ ਤੇ ਇਸ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਸੂਬੇ ਵਿਚ ਹਾਈ ਅਲਰਟ ਵੀ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਸੁਧੀਰ ਸੂਰੀ ਨੂੰ ਗੋਲੀਆਂ ਮਾਰਨ ਵਾਲੇ ਨੌਜਵਾਨ ਦੀ ਅੱਜ ਅੰਮ੍ਰਿਤਸਰ ਕੋਰਟ ਵਿਚ ਪੇਸ਼ੀ ਹੋਈ ਤੇ ਉਸ ਨੂੰ 7 ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਸੁਧੀਰ ਸੂਰੀ ਦੀ 4 ਨਵੰਬਰ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਸ਼ਹਿਰ ਦੇ ਮਜੀਠਾ ਰੋਡ ‘ਤੇ ਸਥਿਤ ਗੋਪਾਲ ਮੰਦਰ ਦੇ ਬਾਹਰ ਵਾਪਰੀ। ਜੋ ਕਿ ਸ਼ਹਿਰ ਦੇ ਸਭ ਤੋਂ ਬਿਜ਼ੀ ਸਥਾਨਾਂ ਵਿੱਚੋਂ ਇੱਕ ਹੈ। ਉਸ ਸਮੇਂ ਸ਼ਿਵ ਸੈਨਾ (ਟਕਸਾਲੀ) ਦੇ ਸੁਧੀਰ ਸੂਰੀ ਅਤੇ ਕੁਝ ਹੋਰ ਮੈਂਬਰ ਮੰਦਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਇੱਕ ਸਥਾਨਕ ਦੁਕਾਨਦਾਰ ਨੇ ਕਥਿਤ ਤੌਰ ‘ਤੇ ਸੂਰੀ ਵਿਖੇ ਪੰਜ ਤੋਂ ਵੱਧ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਸੂਰੀ ਜ਼ਮੀਨ ‘ਤੇ ਡਿੱਗ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।