- *ਇੰਜੀਨੀਅਰ ਜੀਵਨ ਦੇ ਹਰ ਖੇਤਰ ਵਿੱਚ ਨਿਭਾਉਂਦੇ ਹਨ ਮਹੱਤਵਪੂਰਣ ਭੂਮਿਕਾ:- ਪ੍ਰਿੰ: ਇੰਜ: ਬਲਵਿੰਦਰ ਸਿੰਘ*
- *ਇੰਜੀਨੀਅਰਾਂ ਦੇ ਯੋਗਦਾਨ ਤੋਂ ਬਿਨਾਂ ਕਿਸੇ ਵੀ ਰਾਸ਼ਟਰ ਦੀ ਤਰੱਕੀ ਨਹੀ ਸੰਭਵ:- ਇੰਜ: ਜਸਬੀਰ ਸਿੰਘ*
ਬਟਾਲਾ,16 ਸਤੰਬਰ : ਪ੍ਰਿੰਸੀਪਲ ਇੰਜ: ਬਲਵਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਕੈਮੀਕਲ ਵਿਭਾਗ ਦੇ ਇੰਚਾਰਜ ਇੰਜ: ਜਸਬੀਰ ਸਿੰਘ ਦੀ ਦੇਖ ਰੇਖ ਹੇਠ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਕੈਮੀਕਲ ਵਿਭਾਗ ਵਿਖੇ ਕੌਮੀ ਇੰਜੀਨੀਅਰ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਲੇਸਮੈਂਟ ਅਫਸਰ ਇੰਜ: ਜਸਬੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਰਾਸ਼ਟਰ ਦੇ ਨਿਰਮਾਣ ਵਿੱਚ ਇੰਜੀਨੀਅਰਾਂ ਦੁਆਰਾ ਮਹੱਤਵਪੂਰਣ ਭੂਮਿਕਾ ਨਿਭਾਈ ਜਾਂਦੀ ਹੈ। ਇੰਜੀਨੀਅਰਾਂ ਦੇ ਸਕਾਰਾਤਮਕ ਯੋਗਦਾਨ ਤੋਂ ਬਿਨਾਂ ਕਿਸੇ ਵੀ ਰਾਸ਼ਟਰ ਦੀ ਤਰੱਕੀ ਸੰਭਵ ਨਹੀ ਹੈ। ਵਿਸ਼ਵੀਕਰਨ ਦੇ ਆਧੁਨਿਕ ਯੁਗ ਵਿੱਚ ਇਹ ਯੋਗਦਾਨ ਹੋਰ ਵੀ ਵਧੇਰੇ ਲੋੜੀਂਦਾ ਹੈ । ਵੱਖ ਵੱਖ ਦੇਸ਼ਾਂ ਵਿੱਚ ਇੰਜੀਨੀਅਰਾਂ ਦੇ ਯੋਗਦਾਨ ਨੂੰ ਦਰਸਾੁੳਣ ਲਈ ਇੰਜੀਨੀਅਰ ਦਿਵਸ ਮਨਾਇਆ ਜਾਂਦਾ ਹੈ । ਭਾਰਤ ਵਿੱਚ ਹਰ ਸਾਲ 15 ਸਤੰਬਰ ਨੂੰ ਦੇਸ਼ ਦੇ ਮਹਾਨ ਇੰਜੀਨੀਅਰ ਸਰ ਮੋਕਸ਼ਗੁਡੰਮ ਵਿਸ਼ਵੇਸਵਰਿਯਾ ਦਾ ਜਨਮ ਦਿਨ ਇੰਜੀਨੀਅਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਐਮ. ਵਿਸ਼ਵੇਸਵਰਿਯਾ ਦਾ ਜਨਮ 15 ਸਤੰਬਰ 1861 ਨੂੰ ਮੈਸੂਰ ਰਾਜ ਵਿੱਚ ਇੱਕ ਬੜੇ ਹੀ ਸਾਧਾਰਣ ਪਰਿਵਾਰ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਅਧਿਆਪਕ ਅਤੇ ਸੰਸਕ੍ਰਿਤ ਦੇ ਵਿਦਵਾਨ ਸਨ ਅਤੇ ਮਾਤਾ ਜੀ ਘਰੇਲੂ ਔਰਤ ਸਨ। ਮਦਰਾਸ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਤੋਂ ਬਾਅਦ ਇਨ੍ਹਾਂ ਨੇ ਕਾਲਜ ਆਫ ਇੰਜੀਨੀਅਰਿੰਗ ਪੂਨੇ ਤੋਂ ਸਿਵਲ ਇੰਜ ਦਾ ਡਿਪਲੋਮਾ ਕੀਤਾ। ਇਨ੍ਹਾਂ ਨੂੰ ਭਾਰਤ ਦਾ ਪਹਿਲਾ ਇੰਜੀਨੀਅਰ ਵੀ ਮੰਨਿਆ ਜਾਂਦਾ ਹੈ। ਬਤੌਰ ਸਹਾਇਕ ਇੰਜ ਸ਼ੁਰੁਆਤ ਕਰਕੇ ਇਹ ਮੁੱਖ ਇੰਜ ਦੇ ਪਦ ਤੱਕ ਅਤੇ ਬਾਅਦ ਵਿੱਚ ਮੈਸੂਰ ਦੇ ਦਿਵਾਨ ਵੀ ਬਣੇ। ਸਾਲ 1947 ਵਿੱਚ ਭਾਰਤ ਦੇਸ਼ ਦੀ ਅਜਾਦੀ ਤੋਂ ਬਾਅਦ ਵੀ ਇਨ੍ਹਾਂ ਨੇ ਕਈ ਉੱਚਿਆ ਪਦਾਂ ਤੇ ਸੇਵਾ ਨਿਭਾਈ। ਸਾਲ 1955 ਵਿੱਚ ਭਾਰਤ ਸਰਕਾਰ ਨੇ ਇਨ੍ਹਾਂ ਨੂੰ ਭਾਰਤ ਦੇ ਸਰਵੋਚ ਸਨਮਾਨ ਭਾਰਤ ਰਤਨ ਨਾਲ ਨਵਾਜਿਆ । ਸਾਲ 1962 ਵਿੱਚ ਕਰੀਬ 100 ਸਾਲ ਦੀ ਆਯੂ ਵਿੱਚ ਐਮ. ਵੀ. ਸਰ ਸੰਸਾਰ ਨੂੰ ਅਲਵਿਦਾ ਕਹਿ ਗਏ। 15 ਸਤੰਬਰ 1968 ਤੋਂ ਭਾਰਤ ਸਰਕਾਰ ਨੇ ਐਮ. ਵੀ. ਸਰ ਦੀਆਂ ਉਪਲਭਦੀਆਂ ਨੂੰ ਯਾਦ ਕਰਦੇ ਹੋਏ ਇਨ੍ਹਾਂ ਦਾ ਜਨਮ ਦਿਵਸ ਬਤੌਰ ਕੌਮੀ ਇੰਜੀਨੀਅਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਜਿਸ ਉਪਰੰਤ ਹੁਣ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ। ਪ੍ਰਿਸੀਪਲ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਜੀਨੀਅਰ ਜੀਵਨ ਦੇ ਹਰ ਖੇਤਰ ਵਿੱਚ ਬਹੁਤ ਹੀ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਸਰ ਐਮ. ਵੀ. ਭਾਰਤ ਦੇ ਇਕ ਮਹਾਨ ਇੰਜੀਨੀਅਰ ਸਨ।