- ਐੱਨ. ਡੀ. ਆਰ. ਐੱਫ਼ ਨੇ ਹੜ੍ਹਾਂ ਵਿੱਚ ਮਨੁੱਖੀ ਜਾਨਾਂ ਦੇ ਬਚਾਓ ਸਬੰਧੀ ਵੱਖ-ਵੱਖ ਤਰੀਕਿਆਂ ਬਾਰੇ ਲੋਕਾਂ ਨੂੰ ਕਰਵਾਇਆ ਜਾਣੂ
ਤਰਨ ਤਾਰਨ, 11 ਸਤੰਬਰ 2024 : ਕੌਮੀ ਆਫ਼ਤ ਮੋਚਨ ਬਲ (ਐੱਨ. ਡੀ. ਆਰ. ਐੱਫ਼) ਵੱਲੋਂ ਅੱਜ ਸਬ-ਡਵੀਜ਼ਨ ਪੱਟੀ ਅਧੀਨ ਪਿੰਡ ਸਭਰਾ ਦੇ ਨੇੜੇ ਸਤਲੁਜ ਦਰਿਆ ਦੇ ਕਿਨਾਰੇ ਹੜ੍ਹਾਂ ਦੌਰਾਨ ਮਨੁੱਖੀ ਜਾਨਾਂ ਦੇ ਬਚਾਓ ਦੇ ਤਰੀਕਿਆਂ ਸਬੰਧੀ ਇੱਕ ਅਭਿਆਸ ( ਮੌਕ) ਡਰਿੱਲ ਕਰਵਾਈ ਗਈ, ਜਿਸ ਵਿੱਚ ਇਲਾਕੇ ਦੇ ਲੋਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੜ੍ਹਾਂ ਦੌਰਾਨ ਬਚਾਓ ਤਰੀਕਿਆਂ ਸਬੰਧੀ ਸਿਖਲਾਈ ਦਿੱਤੀ ਗਈ। ਇਹ ਮੌਕ ਡਰਿੱਲ ਐੱਨ. ਡੀ. ਆਰ. ਐੱਫ਼. ਦੀ 7ਵੀਂ ਬਟਾਲੀਅਨ ਬਠਿੰਡਾ ਵੱਲੋਂ ਕਰਵਾਈ ਗਈ, ਜਿਸ ਵਿੱਚ ਬਲ ਦੇ ਜਵਾਨਾਂ ਨੇ ਪ੍ਰਯੋਗਿਕ ਤਰੀਕੇ ਨਾਲ ਸਿਖਲਾਈ ਦਿੱਤੀ ਗਈ ਅਤੇ ਅਭਿਆਸ ਕਰਵਾਇਆ। ਇਸ ਮੌਕੇ ਜਿ਼ਲ੍ਹਾ ਪ੍ਰਸ਼ਾਸਨ ਤੋਂ ਮੌਕੇ ‘ਤੇ ਪਹੁੰਚੇ ਐੱਸ. ਡੀ. ਐੱਮ. ਪੱਟੀ ਸ੍ਰ. ਕਿਰਪਾਲਵੀਰ ਸਿੰਘ ਨੇ ਇਸ ਆਯੋਜਨ ਲਈ ਐੱਨ. ਡੀ. ਆਰ. ਐੱਫ਼. ਦਾ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਐੱਨ. ਡੀ. ਆਰ. ਐੱਫ਼. ਵੱਲੋਂ ਲੋਕਾਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਨ. ਡੀ. ਆਰ. ਐੱਫ਼. ਅਧਿਕਾਰੀ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਅਭਿਆਸ ਦੌਰਾਨ ਡੁੱਬ ਰਹੇ ਵਿਅਕਤੀ ਨੂੰ ਪਾਣੀ ਦੇ ਬਾਹਰ ਤੋਂ ਖੜੇ ਹੋ ਕੇ ਬਚਾਉਣ, ਪਾਣੀ ਦੇ ਅੰਦਰ ਜਾਕੇ ਤੈਰ ਕੇ ਵਿਅਕਤੀ ਨੂੰ ਬਚਾਉਣ, ਕਿਸ਼ਤੀ ਰਾਹੀਂ ਹੜ੍ਹ ਵਿਚ ਫਸੇ ਲੋਕਾਂ ਨੂੰ ਬਚਾਉਣ ਅਤੇ ਜੇਕਰ ਕਿਤੇ ਕਿਸਤੀ ਪਲਟ ਜਾਵੇ ਤਾਂ ਕਿਵੇਂ ਰਾਹਤ ਕਾਰਜ ਪੂਰੇ ਕਰਨੇ ਹਨ ਆਦਿ ਸਭ ਤਰੀਕਿਆਂ ਸਬੰਧੀ ਅਭਿਆਸ ਕੀਤਾ ਗਿਆ। ਇਸ ਤੋਂ ਬਿਨ੍ਹਾਂ ਇਲਾਕੇ ਦੇ ਲੋਕਾਂ ਨੂੰ ਘਰੇਲੂ ਸਮਾਨ ਤੋਂ ਹੜ੍ਹ ਸਮੇਂ ਕੰਮ ਆਉਣ ਵਾਲੇ ਰਾਫਟ ਤਿਆਰ ਕਰਨ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਦੱਸਿਆ ਗਿਆ। ਇਸੇ ਤਰਾਂ ਡੁੱਬ ਰਹੇ ਵਿਅਕਤੀ ਨੂੰ ਮੁੱਢਲੀ ਸਹਾਇਤਾ ਸਬੰਧੀ ਵੀ ਸਿਖਲਾਈ ਦਿੱਤੀ ਗਈ।