ਅੰਮ੍ਰਿਤਸਰ, 27 ਅਕਤੂਬਰ 2024 : 28 ਅਕਤੂਬਰ ਨੂੰ ਹੋਣ ਜਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇੱਕ ਮੀਟਿੰਗ ਬੁਲਾਈ ਗਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸਮੂਹ ਐਸਜੀਪੀਸੀ ਮੈਂਬਰ ਹਾਜ਼ਰ ਹੋਏ, ਜਿਸ ਵਿੱਚ ਕੱਲ੍ਹ ਹੋਣ ਵਾਲੀ ਪ੍ਰਕਿਰਿਆ ਨੂੰ ਲੈ ਕੇ ਰੂਪਰੇਖਾ ਲਿਖੀ ਗਈ ਉੱਥੇ ਹੀ ਵਿਸ਼ੇਸ਼ ਗੱਲਬਾਤ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਦੁਬਾਰਾ ਪ੍ਰਧਾਨ ਦੀ ਚੋਣ ਲਈ ਉਤਾਰਿਆ ਗਿਆ ਹੈ ਜਿਸ ਦੇ ਵਿਰੋਧ ਵਿੱਚ ਬੀਬੀ ਜਗੀਰ ਕੌਰ ਨੂੰ ਪੰਥਕ ਸੁਧਾਰ ਲਹਿਰ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਮੌਕੇ ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ੍ਹ ਹੋ ਰਹੀਆਂ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਇਹ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ਵਿੱਚ ਅਕਾਲੀ ਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਦੁਬਾਰਾ ਪ੍ਰਧਾਨ ਦੇ ਉਮੀਦਵਾਰ ਵੱਲੋਂ ਐਲਾਨਿਆ ਹੈ। ਉਹਨਾਂ ਕਿਹਾ ਕਿ ਅੱਜ ਸਮੂਹ ਐਸਜੀਪੀਸੀ ਮੈਂਬਰ ਬੈਠ ਕੇ ਗੱਲਬਾਤ ਕਰਨਗੇ ਉੱਥੇ ਹੀ ਉਹਨਾਂ ਕਿਹਾ ਕਿ ਸਾਰਿਆਂ ਨੂੰ ਹੀ ਚੋਣ ਲੜਨ ਦਾ ਅਧਿਕਾਰ ਹੈ ਜੇਕਰ ਬੀਬੀ ਜਗੀਰ ਕੌਰ ਵਿੱਚ ਆਉਣ ਲੜ ਰਹੇ ਹਨ ਤਾਂ ਉਹਨਾਂ ਨੂੰ ਚੋਣ ਲੜਨ ਦਾ ਅਧਿਕਾਰ ਹੈ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਬੋਲਦੇ ਹੋਏ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਹੁਤ ਹੀ ਇਮਾਨਦਾਰ ਅਤੇ ਬੜੇ ਲਿਖੇ ਸ਼ਖਸ਼ੀਅਤ ਹਨ ਜਿਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਬਹੁਤ ਵਧੀਆ ਕੰਮ ਕੀਤੇ ਹਨ, ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਚੁਣੌਤੀਆਂ ਵਿੱਚੋਂ ਨਿਕਲ ਕੇ ਆਇਆ ਹੈ ਤੇ ਜਿੰਨੀਆਂ ਵੀ ਚੁਣੌਤੀਆਂ ਆਈਆਂ ਹਨ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਸਾਰੀਆਂ ਹੀ ਚੁਣੌਤੀਆਂ ਨੂੰ ਪਾਰ ਕੀਤਾ ਹੈ। ਉਹਨਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਦੁਬਾਰਾ ਪ੍ਰਧਾਨ ਬਣਨਗੇ।