ਤਰਨਤਾਰਨ 02 ਸਤੰਬਰ 2024 : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਅਤੇ ਬੀਜ ਫਾਰਮ, ਉਸਮਾਂ ਦੇ ਇੰਚਾਰਜ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ-ਜਹਾਂਗੀਰ, ਅੰਮ੍ਰਿਤਸਰ ਵੱਲੋਂ ਮਿਤੀ 3 ਸਤੰਬਰ 2024 ਦਿਨ ਮੰਗਲਵਾਰ ਨੂੰ ਲਗਾਏ ਜਾਣ ਵਾਲੇ ਕਿਸਾਨ ਮੇਲੇ ਦਾ ਸਥਾਨ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ-ਜਹਾਂਗੀਰ, ਅੰਮ੍ਰਿਤਸਰ ਤੋਂ ਬਦਲ ਕੇ ਦਾਣਾ ਮੰਡੀ, ਮਜੀਠਾ ਕਰ ਦਿੱਤਾ ਗਿਆ ਹੈ। ਇਸ ਮੇਲੇ ਦਾ ਉਦੇਸ਼ “ਕੁਦਰਤੀ ਸੋਮੇ ਬਚਾਓ, ਸਭ ਲਈ ਖੁਸ਼ਹਾਲੀ ਲਿਆਓ” ਹੈ। ਉਨ੍ਹਾਂ ਦੱਸਿਆ ਕਿ ਡਾ. ਸਤਬੀਰ ਸਿੰਘ ਗੋਸਲ ਮਾਨਯੋਗ ਉਪ-ਕੁਲਪਤੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਇਸ ਮੇਲੇ ਦੀ ਪ੍ਰਧਾਨਗੀ ਕਰਨਗੇ। ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ। ਮੇਲੇ ਵਿਚ ਵੱਖ-ਵੱਖ ਵਿਭਾਗ ਜਿਵੇਂ ਕਿ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ, ਬਾਗਬਾਨੀ, ਖੇਤੀ ਮਸ਼ੀਨਰੀ ਆਦਿ ਹਿੱਸਾ ਲੈਣਗੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਾਰੇ ਵਿਭਾਗ ਆਪਣੀਆਂ ਪ੍ਰਦਰਸ਼ਨੀਆਂ ਲਗਾਉਣਗੇ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਸਾਇੰਸਦਾਨਾਂ ਵੱਲੋਂ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ। ਆਉਣ ਵਾਲੀਆਂ ਹਾੜ੍ਹੀ ਦੀਆਂ ਫਸਲਾਂ ਖਾਸ ਕਰਕੇ ਕਣਕ ਅਤੇ ਸਰ੍ਹੋਂ ਦੇ ਸੁਧਰੇ ਬੀਜ ਵੀ ਵੰਡੇ ਜਾਣਗੇ। ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਮੇਲੇ ਵਿਚ ਸ਼ਾਮਿਲ ਹੋ ਕੇ ਵੱਧ ਤੋਂ ਵੱਧ ਲਾਭ ਉਠਾਉਣ।