- 'ਸਵੱਛਤਾ ਹੀ ਸੇਵਾ’ ਅਭਿਆਨ ਤਹਿਤ ਜਾਗਰੂਕਤਾ ਰੈਲੀ ਰਵਾਨਾ
ਬਟਾਲਾ, 2 ਅਕਤੂਬਰ : ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਜੈਅੰਤੀ ਮੌਕੇ ‘ਸਵੱਛਤਾ ਹੀ ਸੇਵਾ’ ਅਭਿਆਨ ਤਹਿਤ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋਂ ਜਾਗਰੂਕਤਾ ਰੈਲੀ ਰਵਾਨਾ ਕੀਤੀ ਗਈ। ਇਸ ਮੌਕੇ ਡਾ. ਸ਼ਾਇਰੀ ਭੰਡਾਰੀ, ਐਸਡੀਐਮ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਵੀ ਮੌਜੂਦ ਸਨ। ਇਸ ਮੌਕੇ ਸਥਾਨਕ ਬੇਰਿੰਗ ਸਕੂਲ ਵਿਖੇ ‘ਸਵੱਛਤਾ ਹੀ ਸੇਵਾ ’ ਅਭਿਆਨ ਤਹਿਤ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਵਾਤਾਵਰਨ ਅਤੇ ਆਸ-ਪਾਸ ਨੂੰ ਸਾਫ਼ ਰੱਖਣ ਵਿਚ ਸਾਰੇ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸੂਬੇ ਨੂੰ ਸਾਫ਼-ਸੁਥਰਾ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਅਤੇ ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ ਸਾਡੀ ਸਾਰਿਆਂ ਦਾ ਫਰਜ਼ ਅਤੇ ਨੈਤਿਕ ਜ਼ਿੰਮੇਵਾਰੀ ਹੈ ਅਤੇ ਸਾਫ਼-ਸਫਾਈ ਦੀ ਨਿਰੰਤਰ ਆਦਤ ਬਣਾਉਣੀ ਚਾਹੀਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪੂਰਨ ਸਹਿਯੋਗ ਕਰਨ। ਇਸ ਮੌਕੇ ਗੱਲ ਕਰਦਿਆਂ ਐਸ.ਡੀ.ਐਮ ਡਾ. ਸ਼ਾਇਰੀ ਭੰਡਾਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਕਰਨ ਅਤੇ ਸਵੱਛਤਾ ਨੂੰ ਮਿਸ਼ਨ ਬਣਾ ਕੇ ਇਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਲ ਕਰਨ। ਉਨ੍ਹਾਂ ਕਿਹਾ ਕਿ ਪਾਲੀਥੀਨ ਦੀ ਵਰਤੋਂ ਨੂੰ ਛੱਡ ਕੇ ਕੱਪੜੇ ਦੇ ਬੈਗ ਦੀ ਵਰਤੋਂ ਸਬੰਧੀ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਪਲਾਸਟਿਕ ਇਕ ਅਜਿਹਾ ਪਦਾਰਥ ਹੈ ਜੋ ਗਲਦਾ ਨਹੀਂ ਅਤੇ ਕੂੜਾ ਕਰਕਟ ਫੈਲਾਉਣ ਦੇ ਨਾਲ ਨਾਲ ਪਸ਼ੂਆਂ ਲਈ ਵੀ ਹਾਨੀਕਾਰਕ ਸਿੱਧ ਹੁੰਦਾ ਹੈ। ਇਸ ਮੌਕੇ ਸੈਨੇਟਰੀ ਇੰਸਪੈਕਰ ਦਿਲਬਾਗ ਸਿੰਘ, ਯਸ਼ਪਾਲ ਚੌਹਾਨ, ਬੰਟੀ ਟਰੇਂਡਜ ਤੇ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਕਰਮਚਾਰੀ ਆਦਿ ਮੋਜੂਦ ਸਨ।