- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨਾਲ ਸਾਰੀ ਸਥਿਤੀ ਦਾ ਜਾਇਜਾ ਲੈਣ ਤੋਂ ਬਾਅਦ ਲਿਆ ਫੈਸਲਾ
ਡੇਰਾ ਬਾਬਾ ਨਾਨਕ, 24 ਜੁਲਾਈ : ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਲੈਂਡ ਪੋਰਟ ਅਥਾਰਟੀ, ਬੀ.ਐੱਸ.ਐੱਫ, ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਾਇਜਾ ਲੈਣ ਤੋਂ ਬਾਅਦ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਹ ਯਾਤਰਾ ਭਲਕੇ 25 ਜੁਲਾਈ 2023 ਤੋਂ ਮੁੜ ਸ਼ੁਰੂ ਹੋ ਜਾਵੇਗੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਮੈਦਾਨੀ ਤੇ ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਰਸਾਤ ਕਾਰਨ ਦਰਿਆ ਰਾਵੀ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮਾਰਗ ਨੂੰ ਪੁੱਜੇ ਨੁਕਸਾਨ ਕਾਰਨ 20 ਜੁਲਾਈ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਲੈਂਡ ਪੋਰਟ ਅਥਾਰਟੀ ਦੀ ਸਲਾਹ ਨਾਲ ਯਾਤਰਾ ’ਤੇ ਆਰਜ਼ੀ ਤੌਰ ’ਤੇ ਰੋਕ ਲਗਾ ਦਿੱਤੀ ਗਈ ਸੀ। ਅੱਜ ਸ਼ਾਮ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਲੈਂਡ ਪੋਰਟ ਅਥਾਰਟੀ, ਬਿਊਰੋ ਆਫ ਇੰਮੀਗਰੇਸ਼ਨ, ਬੀ.ਐੱਸ.ਐੱਫ, ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਦੁਬਾਰਾ ਜਾਇਜਾ ਲੈਣ ਤੋਂ ਬਾਅਦ ਇਸ ਪਾਬੰਦੀ ਨੂੰ ਹਟਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਕਿਹਾ ਕਿ ਭਾਰਤੀ ਪਾਸੇ ਲਾਂਘੇ ਦੇ ਮਾਰਗ ਨੂੰ ਜੋ ਨੁਕਸਾਨ ਪਹੁੰਚਿਆ ਸੀ ਉਸ ਨੂੰ ਠੀਕ ਕਰ ਲਿਆ ਗਿਆ ਹੈ। ਇਸ ਲਈ ਕੱਲ੍ਹ ਮਿਤੀ 25 ਜੁਲਾਈ 2023 ਤੋਂ ਸ਼ਰਧਾਲੂ ਪਹਿਲਾਂ ਵਾਂਗ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਸਕਣਗੇ। ਉਨ੍ਹਾਂ ਕਿਹਾ ਕਿ ਬਰਾਸਤੀ ਸੀਜ਼ਨ ਦੌਰਾਨ ਭਵਿੱਖ ਵਿੱਚ ਕੋਈ ਸਮੱਸਿਆ ਨਾ ਆਵੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਿਨ੍ਹੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਬੰਦ ਰਹੀ ਸੀ ਉਨੇ ਦਿਨ 700 ਦੇ ਕਰੀਬ ਸ਼ਰਧਾਲੂ ਯਾਤਰਾ `ਤੇ ਨਹੀਂ ਜਾ ਸਕੇ ਸਨ। ਉਨ੍ਹਾਂ ਕਿਹਾ ਇਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਹੁਣ ਯਾਤਰਾ ਲਈ ਦੁਬਾਰਾ ਅਪਲਾਈ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਦੁਬਾਰਾ ਅਪਲਾਈ ਕਰਨ ਵਿੱਚ ਕੋਈ ਪੈਸਾ ਨਹੀਂ ਲੱਗਣਾ ਇਸ ਲਈ ਕਿਸੇ ਵੀ ਸ਼ਰਧਾਲੂ ਦਾ ਕੋਈ ਵਿੱਤੀ ਨੁਕਸਾਨ ਨਹੀਂ ਹੋਵੇਗਾ।