- ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਿਡਰ ਹੋ ਕੇ ਬਿਨਾਂ ਕਿਸੇ ਡਰ ਭੈਅ ਤੋਂ ਕਰਨ-ਵਧੀਕ ਜ਼ਿਲਾ੍ਹ ਚੋਣ ਅਫਸਰ
- ਸਵੀਪ ਮੁਹਿੰਮ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਕਰਵਾਈਆਂ ਜਾ ਰਹੀਆਂ ਹਨ ਵਿਸ਼ੇਸ ਗਤੀਵਿਧੀਆਂ
ਤਰਨਤਾਰਨ, 21 ਮਾਰਚ : ਆਦਰਸ਼ ਚੋਣ ਜ਼ਾਬਤਾ ਦੇ ਲਾਗੂ ਹੋਣ ਤੋਂ ਬਾਅਦ ਜ਼ਿਲਾ ਚੋਣ ਅਧਿਕਾਰੀਆਂ ਵੱਲੋਂ ਜ਼ਿਲਾ੍ਹ ਤਰਨਤਾਰਨ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਸਹੂਲਤਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।ਇਸ ਤਹਿਤ ਅੱਜ ਵਧੀਕ ਜ਼ਿਲਾ੍ਹ ਚੋਣ ਅਫਸਰ, ਸ਼੍ਰੀ ਵਰਿੰਦਰਪਾਲ ਸਿੰਘ ਬਾਜ਼ਵਾ ਵੱਲੋਂ ਹਲਕਾ ਤਰਨਤਾਰਨ ਦੇ ਪਿੰਡ ਪਹੂਵਿੰਡ ਵਿਖੇ ਸਥਿਤ ਪੋਲਿੰਗ ਸਟੇਸ਼ਨ ਦਾ ਦੌਰਾ ਕੀਤਾ। ਇਸ ਮੌਕੇ ਸ਼੍ਰੀ ਬਾਜਵਾ ਨੇ ਜਿਥੇ ਪੋਲਿੰਗ ਸਟੇਸ਼ਨ ਦਾ ਬਰੀਕੀ ਨਾਲ ਨਿਰੀਖਣ ਕੀਤਾ, ਉਥੇ ਨਾਲ ਉਨਾਂ ਨੇ ਵੱਖ ਵੱਖ ਤਬਕੇ ਦੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਪੂਰੀ ਤਰਾਂ੍ਹ ਨਿਡਰ ਹੋ ਕੇ ਬਿਨਾਂ ਕਿਸੇ ਡਰ ਭੈਅ ਤੋਂ ਕਰਨ। ਸ਼੍ਰੀ ਬਾਜਵਾ ਨੇ ਦੱਸਿਆ ਕਿ ਉਨਾਂ ਦੀ ਫੇਰੀ ਦਾ ਮੁੱਖ ਮੰਤਵ ਇਸ ਗੱਲ ਨੂੰ ਯਕੀਨੀ ਬਨਾਉਣਾ ਹੈ ਕਿ ਪੋਲਿੰਗ ਸਟੇਸ਼ਨ ‘ਤੇ ਆਉਣ ਵਾਲੇ ਵੋਟਰਾਂ ਨੂੰ ਜ਼ਿਲਾ ਚੋਣ ਦਫਤਰ ਵੱਲੋਂ ਲੋੜੀਂਦੀਆਂ ਸਹੂਲਤਾਂ ਜਿਵੇ ਕਿ ਪੀਣ ਯੋਗ ਪਾਣੀ, ਛਾਂ ਦੇ ਪ੍ਰਬੰਧਾਂ ਨੂੰ ਮੁਹੱਇਆ ਕਰਵਾਇਆ ਜਾਵੇਗਾ। ਸ਼੍ਰੀ ਬਾਜਵਾ ਨੇ ਬੀ.ਐਲ.ਓਜ਼ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਵੀਪ ਮੁਹਿੰਮ ਤਹਿਤ ਉਹ ਆਪਣੇ ਆਪਣੇ ਖੇਤਰਾਂ ਦੇ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਤਾਂ ਜੋ ਹਰ ਇਕ ਮਤਦਾਤਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੇ। ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲਾ੍ਹ ਚੋਣ ਦਫਤਰ ਦੀਆਂ ਟੀਮਾਂ ਵੱਲੋਂ ਵੱਖ-ਵੱਖ ਵਿੱਦਿਅਕ ਅਦਾਰਿਆਂ, ਪਬਲਿਕ ਥਾਵਾਂ ਵਿਖੇ ਪ੍ਰਦਰਸ਼ਨੀ ਲਗਾ ਕੇ ਲੋਕਾਂ ਨੂੰ ਈ.ਵੀ.ਐਮ (ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ) ਅਤੇ ਵੀ.ਵੀ.ਪੈਟ (ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ) ਬਾਰੇ ਵਿਸਥਾਰ ਵਿੱਚ ਦੱਸਿਆ ਜਾ ਰਿਹਾ ਹੈ। ਸ਼੍ਰੀ ਬਾਜਵਾ ਨੇ ਕਿਹਾ ਕਿ ਇਸ ਜਾਗਰੂਕਤਾ ਅਭਿਆਨ ਦੌਰਾਨ ਇਹ ਵੇਖਣ ਨੂੰ ਪਾਇਆ ਜਾ ਰਿਹਾ ਹੈ ਕਿ 18-19 ਸਾਲ ਦੇ ਪਹਿਲੀ ਵਾਰ ਬਣੇ ਵੋਟਰਾਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲੈਣ ਦੇ ਨਾਲ ਨਾਲ ਨੌਜਵਾਨਾਂ ਵੱਲੋਂ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ (ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ) ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਵਧੀਕ ਜ਼ਿਲਾ੍ਹ ਚੋਣ ਅਫਸਰ ਨੇ ਦੱਸਿਆ ਕਿ ਵੀ.ਵੀ.ਪੈਟ ਰਾਹੀਂ ਵੋਟਰ ਨੂੰ ਪਤਾ ਲੱਗ ਸਕੇਗਾ ਕਿ ਉਸ ਦੀ ਵੋਟ ਸਹੀ ਉਮੀਦਵਾਰ ਨੂੰ ਪਈ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਵੋਟਰ 7 ਸੈਕਿੰਡ ਤੱਕ ਡਿਸਪਲੇ ਫਰੇਮ ਵਿਚ ਆਪਣੀ ਵੋਟ ਪਾਉਣ ਵਾਲੇ ਉਮੀਦਵਾਰ ਦਾ ਸੀਰੀਅਲ ਨੰਬਰ, ਨਾਮ ਅਤੇ ਚੋਣ ਨਿਸ਼ਾਨ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਸੀਰੀਅਲ ਨੰਬਰ, ਨਾਮ ਅਤੇ ਚੋਣ ਨਿਸ਼ਾਨ ਦਰਸਾਉਣ ਵਾਲੀ ਪਰਚੀ ਮਸ਼ੀਨ ਨਾਲ ਜੁੜੇ ਬਕਸੇ ਵਿਚ ਡਿੱਗੇਗੀ, ਜੋ ਬਕਸੇ ਵਿਚ ਸੀਲ ਰਹੇਗੀ ਅਤੇ ਕੋਈ ਹੋਰ ਇਸ ਨੂੰ ਨਹੀਂ ਦੇਖ ਸਕੇਗਾ।