- ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ
ਗੁਰਦਾਸਪੁਰ , 21 ਮਈ : ਸੂਬੇ ਦੇ ਲੋਕਾਂ ਨੂੰ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਹੋਣ ਇਸ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜਿਲਾ ਗੁਰਦਾਸਪੁਰ ਚ ਫੂਡ ਸੇਫਟੀ ਟੈਸਟਿੰਗ ਵੈਨ ਆਨ ਵ੍ਹੀਲਜ਼ ਵੱਖ ਵੱਖ ਥਾਵਾਂ ਤੇ ਪਹੁਚ ਖਾਣੇ ਵਾਲੇ ਸਾਮਾਨ ਦੇ ਸੈਂਪਲ ਲੈ ਕੇ ਮੌਕੇ ਤੇ ਦੇ ਰਹੀ ਹੈ ਜਾਂਚ ਰਿਪੋਰਟ, ਬਟਾਲਾ ਚ ਲੋਕਾਂ ਦੀ ਸਹੂਲਤ ਲਈ ਪਹੁਚੀ ਇਸ ਵਿਸ਼ੇਸ ਵੈਨ ਬਾਰੇ ਜਾਣਕਾਰੀ ਦੇਂਦੇ ਸਹਾਇਕ ਫੂਡ ਕਮਿਸ਼ਨਰ ਡਾ. ਜੀ.ਐੱਸ. ਪੰਨੂ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਭੋਜਨ ਦੀ ਜਾਂਚ ਲਈ ਚਲਾਈ ਗਈ ਇਸ ਵੈਨ ਵਿੱਚ ਮੌਕੇ ’ਤੇ ਹੀ ਸੈਂਪਲ ਲਏ ਜਾਂਦੇ ਹਨ ਅਤੇ ਜਾਂਚ ਰਿਪੋਰਟ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ ਲਈ ਇਹ ਟੈਸਟਿੰਗ ਵੈਨ ਚਲਾਈ ਗਈ ਹੈ ਅਤੇ ਹਰ ਮਹੀਨੇ ਇੱਕ ਹਫ਼ਤਾ ਇਹ ਵੈਨ ਰੋਟੇਸ਼ਨ ਦੇ ਆਧਾਰ ’ਤੇ ਚੈਕਿੰਗ ਲਈ ਪੂਰੇ ਜ਼ਿਲ੍ਹੇ ਵਿੱਚ ਘੁੰਮੇਗੀ। ਉਨ੍ਹਾਂ ਦੱਸਿਆ ਕਿ ਇਸ ਵੈਨ ਦੇ ਅੰਦਰ ਇੱਕ ਲੈਬਾਰਟਰੀ ਬਣਾਈ ਗਈ ਹੈ, ਜਿਸ ਵਿੱਚ ਸਿਰਫ਼ 50 ਰੁਪਏ ਪ੍ਰਤੀ ਸੈਂਪਲ ਦੇ ਹਿਸਾਬ ਨਾਲ ਜੂਸ, ਤੇਲ, ਦੁੱਧ ਤੋਂ ਬਣੀਆਂ ਵਸਤਾਂ, ਮਸਾਲਿਆਂ ਆਦਿ ਦੇ ਸੈਂਪਲ ਚੈੱਕ ਕੀਤੇ ਜਾਂਦੇ ਹਨ ਅਤੇ ਰਿਪੋਰਟ ਮੌਕੇ ’ਤੇ ਹੀ ਦੁਕਾਨਦਾਰ ਤੇ ਖਪਤਕਾਰਾਂ ਨੂੰ ਸੌਂਪੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੈਨ ਦਾ ਉਦੇਸ਼ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਮਿਲਾਵਟਖੋਰੀ ਨੂੰ ਠੱਲ੍ਹ ਪਾਈ ਜਾ ਸਕੇ।ਉਥੇ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਟੈਸਟਿੰਗ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।ਉਥੇ ਹੀ ਸਥਾਨਿਕ ਲੋਕਾਂ ਨੇ ਮੌਕੇ ਤੇ ਦੁੱਧ ਅਤੇ ਹੋਰ ਸਾਮਾਨ ਦੇ ਸੈਂਪਲ ਚੈਕ ਕਰਵਾਏ ਅਤੇ ਉਹਨਾਂ ਇਸ ਮੁਹਿੰਮ ਅਤੇ ਵੈਨ ਦੀ ਪ੍ਰਸ਼ੰਸ਼ਾ ਕੀਤੀ |