- ਧਾਲੀਵਾਲ ਨੇ ਕੀਤਾ ਸਮੁੱਚੀ ਸੰਗਤ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ
ਅੰਮ੍ਰਿਤਸਰ, 9 ਸਤੰਬਰ 2024 : ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਸਮੁੱਚੀ ਸੰਗਤ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਨੂੰ ਆਉਂਦੇ ਚਾਰ ਮੁੱਖ ਰਸਤਿਆਂ ਉੱਤੇ ਧਾਰਮਿਕ ਦਿਖ ਵਾਲੇ ਸੁੰਦਰ ਗੇਟ ਬਣਾਉਣ ਦਾ ਜੋ ਸੁਪਨਾ ਲਿਆ ਸੀ , ਉਸ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਲਗਭਗ ਪੌਣੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਨਗਰੀ ਦਾ ਵਿਕਾਸ ਕਰਨਾ ਮੇਰਾ ਮੁੱਖ ਟੀਚਾ ਹੈ ਅਤੇ ਮੈਂ ਲਗਾਤਾਰ ਇਸ ਲਈ ਕੰਮ ਕਰ ਰਿਹਾ ਹਾਂ, ਜਿਸ ਸਦਕਾ ਰਮਦਾਸ ਨੂੰ ਆਉਂਦੀ ਮੁੱਖ ਸੜਕ ਤੇ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਤੱਕ ਜਾਂਦੀ ਸੜਕ ਬਣ ਚੁੱਕੀ ਹੈ ਅਤੇ ਹੁਣ ਇਸ ਇਸ ਸ਼ਹਿਰ ਨੂੰ ਆਉਂਦੇ ਚਾਰ ਮੁੱਖ ਰਸਤਿਆਂ ਉੱਤੇ ਵੱਡੇ ਦਰਵਾਜੇ ਬਣਾਏ ਜਾਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਰਮਦਾਸ ਤੋਂ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਵੀ ਛੇਤੀ ਬਣਨਗੀਆਂ। ਉਹਨਾਂ ਦੱਸਿਆ ਕਿ ਥੋੜਾ ਦਿਨ ਪਹਿਲਾਂ ਹੀ ਮੈਂ ਇਹ ਫਾਈਲ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਸੀ ਜਿਨਾਂ ਨੇ ਬਿਨਾਂ ਦੇਰੀ ਕੀਤੇ ਇਸ ਪਵਿੱਤਰ ਕੰਮ ਲਈ 27283785 ਰੁਪਏ ਜਾਰੀ ਕਰ ਦਿੱਤੇ ਹਨ ਉਹਨਾਂ ਦੱਸਿਆ ਕਿ ਹੁਣ ਇਨਾ ਗੇਟਾਂ ਦਾ ਟੈਂਡਰ ਲਗਾ ਕੇ ਆਉਣ ਵਾਲੇ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਮੁੱਖ ਮੰਤਰੀ ਸ ਮਾਨ ਇਨਾ ਗੇਟਾਂ ਦਾ ਨੀਹ ਪੱਥਰ ਰੱਖਣ ਲਈ ਮੌਕੇ ਉੱਤੇ ਜਰੂਰ ਆਉਣ। ਉਹਨਾਂ ਸਮੁੱਚੀਆਂ ਨਾਮ ਲੇਵਾ ਸੰਗਤਾਂ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਇਸ ਵਡਮੁੱਲੇ ਤੋਂਫੇ ਲਈ ਧੰਨਵਾਦ ਕੀਤਾ।