- ਨੋਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਦਾ ਹੈ ‘ਤੀਆਂ’ ਦਾ ਤਿਉਹਾਰ-ਸ੍ਰੀਮਤੀ ਸੋਹਿੰਦਰ ਕੋਰ
- ‘ਤੀਆਂ ਦਾ ਤਿਉਹਾਰ’ ਮਨਾ ਕੇ ਅਮੀਰ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਕੀਤਾ ਗਿਆ ਉੱਦਮ-ਸ੍ਰੀਮਤੀ ਰਾਜਬੀਰ ਕੋਰ ਕਲਸੀ
- ‘ਇਸਤਰੀ ਚੇਤਨਾ ਸੁਸਾਇਟੀ ਬਟਾਲਾ’ ਵਲੋਂ ਕਰਵਾਏ ‘ਤੀਆਂ ਦੇ ਤਿਉਹਾਰ’ ਮੌਕੇ ਮਹਿਲਾਵਾਂ ਨੇ ਗਿੱਧੇ ਅਤੇ ਲੋਕ ਗੀਤਾਂ ਜਰੀਏ ਆਪਣੇ ਮਨੋ-ਭਾਵਾਂ ਅਤੇ ਖੁਸ਼ੀ ਦਾ ਖੁੱਲ ਕੇ ਕੀਤਾ ਇਜ਼ਹਾਰ
ਬਟਾਲਾ, 12 ਅਗਸਤ 2024 : ਸ੍ਰੀਮਤੀ ਰਾਜਬੀਰ ਕੋਰ ਕਲਸੀ ਧਰਮਪਤਨੀ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਸਾਉਣ ਦੇ ਮਹੀਨੇ ਵਿੱਚ ਲਗਾਤਾਰ ਦੂਜੇ ਸਾਲ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਵਿਖੇ ‘ਤੀਆਂ’ ਲੱਗੀਆਂ ਹਨ, ਜਿਸ ਵਿੱਚ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ‘ਤੀਆਂ’ ਦੇ ਇਸ ਤਿਓਹਾਰ ਵਿੱਚ ਸ੍ਰੀਮਤੀ ਸੋਹਿੰਦਰ ਕੋਰ ਧਰਮਪਤਨੀ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀਮਤੀ ਬਲਬੀਰ ਕੋਰ ਕਲਸੀ (ਮਾਤਾ ਜੀ ਵਿਧਾਇਕ ਸ਼ੈਰੀ ਕਲਸੀ), ਰਾਜਬੀਰ ਕੋਰ ਕਲਸੀ, ਅਮਨਪ੍ਰੀਤ ਕੋਰ, ਉੱਤਮਜੀਤ ਕੋਰ, ‘ਇਸਤਰੀ ਚੇਤਨਾ ਸੁਸਾਇਟੀ ਬਟਾਲਾ’ ਦੀ ਉਪ ਪ੍ਰਧਾਨ ਗੁਰਪ੍ਰੀਤ ਕੋਰ, ਜਨਰਲ ਸਕੱਤਰ ਯੁਵਿਕਾ, ਕਵਲੀਨ ਕੋਰ ਪ੍ਰਬੰਧਕੀ ਸਕੱਤਰ, ਬਰਨ ਕੋਰ ਮੰਚ ਸੰਚਾਲਕਾ ਆਦਿ ਮੋਜੂਦ ਸਨ। ਇਸ ਮੌਕੇ ਬਾਲੀਵੁੱਡ ਗਾਇਕਾ ਜੋਤੀ ਨੂਰਾਂ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਤੇ ਨੂਰ ਜੋਰਾ ਗਿੱਧਾ ਗਰੁੱਪ ਨੇ ਅਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਮਾਂ ਬੰਨ ਕੇ ਰੱਖ ਦਿੱਤਾ। ‘ਇਸਤਰੀ ਚੇਤਨਾ ਸੁਸਾਇਟੀ ਬਟਾਲਾ’ ਵਲੋਂ ਕਰਵਾਏ ‘ਤੀਆਂ’ ਦੇ ਤਿਉਹਾਰ ਮੌਕੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸੱਜ਼ੀਆਂ ਮਹਿਲਾਵਾਂ ਨੇ ਗਿੱਧੇ ਅਤੇ ਲੋਕ ਗੀਤਾਂ ਜਰੀਏ ਆਪਣੇ ਮਨੋ-ਭਾਵਾਂ ਅਤੇ ਖੁਸ਼ੀ ਦਾ ਖੁੱਲ ਕੇ ਇਜ਼ਹਾਰ ਕੀਤਾ। ਔਰਤਾਂ ਸਮੇਤ ਛੋਟੇ ਬੱਚਿਆਂ ਦੀ ਗਿੱਧੇ ਦੀ ਪੇਸ਼ਕਾਰੀ ਬਾ-ਕਮਾਲ ਸੀ। ਤੀਆਂ ਦੀਆਂ ਖੁਸ਼ੀਆਂ ਮੌਕੇ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਦਾ ਵਿਹੜਾ ਸ਼ਗਨਾਂ ਦੇ ਗੀਤਾਂ ਨਾਲ ਗੂੰਜ ਉੱਠਿਆ। ਇਸ ਮੌਕੇ ਤੀਆਂ ਦੇ ਮੌਕੇ ਮਹਿਲਾਵਾਂ ਨੇ ਸਮਾਜ ਨੂੰ ਵਧੀਆ ਸੁਨੇਹਾ ਦੇਣ ਵਾਲੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ। ‘ਤੀਆਂ’ ਦੀ ਮੁਬਾਰਕਬਾਦ ਦਿੰਦੇ ਹੋਏ ਸ੍ਰੀਮਤੀ ਸੋਹਿਦਰ ਕੋਰ ਨੇ ਰਾਜਬੀਰ ਕੋਰ ਕਲਸੀ ਵਲੋਂ ਨੋਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਬਹੁਤ ਸਹਾਈ ਹੁੰਦੇ ਹਨ। ਉਨਾਂ ਅੱਗੇ ਕਿਹਾ ਕਿ ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਰੱਖਦਾ ਹੈ। ਇਸ ਤਿਉਹਾਰ ਤੇ ਨਵ-ਵਿਆਹੀਆਂ ਔਰਤਾਂ ਆਪਣੇ ਪੇਕੇ ਪਰਿਵਾਰ ਵਿੱਚ ਆ ਕਿ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਦੀਆਂ ਹਨ। ਔਰਤਾਂ ਤੇ ਕੁੜੀਆਂ ਇਕੱਠੀਆਂ ਹੋ ਕਿ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਦੀਆਂ ਹਨ। ਇਸ ਮੌਕੇ ਗੱਲ ਕਰਦਿਆਂ ਸ੍ਰੀਮਤੀ ਰਾਜਬੀਰ ਕੋਰ ਕਲਸੀ ਧਰਮਪਤਨੀ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਾਰਿਆਂ ਨੂੰ ਸਾਉਣ ਮਹੀਨੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਕਦੇ ਵੀ ਆਪਣਾ ਪਿਛੋਕੜ ਭੁਲਾਉਣਾ ਨਹੀਂ ਚਾਹੀਦਾ ਹੈ। ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅੱਜ ‘ਤੀਆਂ ਦਾ ਤਿਉਹਾਰ’ ਮਨਾ ਕੇ ਅਮੀਰ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਉੱਦਮ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਇਸ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਣ ਲਈ ਹਰੇਕ ਪੰਜਾਬਣ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਸ ਤਿਉਹਾਰ ਸਬੰਧੀ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾ ਸਕੇ। ਸਮਾਗਮ ਦੇ ਆਖਰ ਵਿੱਚ ਸ੍ਰੀਮਤੀ ਸੋਹਿੰਦਰ ਕੋਰ ਅਤੇ ਰਾਜਬੀਰ ਕੋਰ ਕਲਸੀ ਵਲੋਂ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।