- ਕੁਲਜਿੰਦਰ ਸਿੰਘ ਨੇ ਕਣਕ-ਝੋਨੇ ਦੇ ਫਸਲੀ ਚੱਕਰ `ਚੋਂ ਰਕਬਾ ਕੱਢ ਕੇ ਸਬਜ਼ੀਆਂ, ਬਾਗਬਾਨੀ ਅਤੇ ਹੋਰ ਫਸਲਾਂ ਦੀ ਕਾਸ਼ਤ ਸ਼ੁਰੂ ਕੀਤੀ
- ਹੁਣ ਕੁਲਜਿੰਦਰ ਸਿੰਘ ਨੂੰ ਸਾਰਾ ਸਾਲ ਹੁੰਦੀ ਹੈ ਆਮਦਨ
ਗੁਰਦਾਸਪੁਰ, 6 ਅਗਸਤ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਲਾ ਨੰਗਲ ਦੇ ਕਿਸਾਨ ਕੁਲਜਿੰਦਰ ਸਿੰਘ ਦਾ ਖੇਤੀ ਮਾਡਲ ਕਿਸਾਨਾਂ ਨੂੰ ਕਰਜ਼ਾ ਮੁਕਤ, ਵਾਤਾਵਰਨ ਪੱਖੀ ਅਤੇ ਲਾਹੇਵੰਦੀ ਖੇਤੀ ਦੀ ਜਾਚ ਦੱਸਦਾ ਹੈ। ਕੇਵਲ 5 ਏਕੜ ਦੀ ਮਾਲਕੀ ਵਾਲੇ ਇਸ ਮਿਹਨਤੀ ਕਿਸਾਨ ਨੇ ਲੀਕ ਤੋਂ ਹਟ ਕੇ ਖੇਤੀ ਕਰਦਿਆਂ ਅਜਿਹੀ ਉਦਾਹਰਨ ਪੇਸ਼ ਕੀਤੀ ਹੈ ਕਿ ਹੁਣ ਦੂਰੋਂ-ਦੂਰੋਂ ਕਿਸਾਨ ਉਸਦੇ ਖੇਤੀ ਮਾਡਲ ਨੂੰ ਦੇਖਣ ਆਉਂਦੇ ਹਨ। ਬਟਾਲਾ ਸ਼ਹਿਰ ਦੇ ਨੇੜੇ ਗੁਰਦਾਸਪੁਰ ਬਾਈਪਾਸ ਕੋਲ ਪਿੰਡ ਕਾਲਾ ਨੰਗਲ ਦੇ ਕਿਸਾਨ ਕੁਲਜਿੰਦਰ ਸਿੰਘ ਦੀ ਜ਼ਮੀਨ ਜਰਨੈਲੀ ਸੜਕ ਦੇ ਬਿਲਕੁਲ ਨਾਲ ਲੱਗਦੀ ਹੈ। ਕੁਲਜਿੰਦਰ ਸਿੰਘ ਵੀ ਪਹਿਲਾਂ ਆਮ ਕਿਸਾਨਾਂ ਵਾਂਗ ਕਣਕ ਅਤੇ ਝੋਨੇ ਦੀ ਬਿਜਾਈ ਹੀ ਕਰਦਾ ਸੀ। ਇਸ ਫਸਲੀ ਚੱਕਰ ਦੇ ਗੇੜ ਵਿੱਚੋਂ ਉਸ ਨੂੰ ਕੋਈ ਬਹੁਤੀ ਬਚਤ ਨਾ ਹੋਣੀ। ਆਖਰ ਕੁਝ ਨਵਾਂ ਕਰਨ ਦੀ ਸੋਚ ਕੇ ਕਿਸਾਨ ਕੁਲਜਿੰਦਰ ਸਿੰਘ ਨੇ ਤਿੰਨ ਸਾਲ ਪਹਿਲਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਅਤੇ ਖੇਤੀ ਮਾਹਿਰਾਂ ਦੀ ਸਲਾਹ ਤੇ ਪ੍ਰੇਰਨਾ ਨਾਲ ਉਸਨੇ ਸਭ ਤੋਂ ਪਹਿਲਾਂ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਆਪਣਾ ਰਕਬਾ ਕੱਢ ਕੇ ਸਬਜ਼ੀਆਂ, ਕਮਾਦ, ਬਾਗਬਾਨੀ, ਹਲਦੀ ਦੀ ਖੇਤੀ, ਅਚਾਰ, ਗੁੜ ਤਿਆਰ ਕਰਨਾ, ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਇਸ ਲਈ ਉਸਨੇ ਬਕਾਇਦਾ ਖੇਤੀਬਾੜੀ ਵਿਭਾਗ ਕੋਲੋਂ ਸਿਖਲਾਈ ਵੀ ਲਈ। ਇਸ ਸਮੇਂ ਕਿਸਾਨ ਕੁਲਜਿੰਦਰ ਸਿੰਘ ਦੇ ਖੇਤਾਂ ਵਿੱਚ ਇੱਕ ਏਕੜ ਕਮਾਦ, ਡੇਡ ਏਕੜ ਬਾਸਮਤੀ, ਅੱਧਾ ਕਿੱਲਾ ਕਿੰਨੂ ਤੇ ਨਿੰਬੂ ਦੇ ਬਾਗ, ਇੱਕ ਏਕੜ ਗੋਭੀ, ਕੁਝ ਰਕਬੇ ਵਿੱਚ ਪਸ਼ੂਆਂ ਲਈ ਚਾਰਾ ਅਤੇ ਸ਼ਹਿਦ ਦੇ 45 ਬਕਸੇ ਹਨ। ਕਿਸਾਨ ਕੁਲਜਿੰਦਰ ਸਿੰਘ ਨੇ ਸਰਦੀਆਂ ਦੀ ਰੁੱਤ ਵਿੱਚ ਕਮਾਦ ਦੀ ਫਸਲ ਤੋਂ ਗੁੜ ਤਿਆਰ ਕਰਦੇ ਹਨ। ਇਸੇ ਤਰਾਂ ਉਹ ਹਲਦੀ ਅਤੇ ਸ਼ਹਿਦ ਨੂੰ ਪ੍ਰੋਸੈੱਸ ਕਰਕੇ ਉਸਦੀ ਪੈਕਿੰਗ ਕਰਕੇ ਵੇਚਦੇ ਹਨ। ਮੌਸਮ ਦੇ ਹਿਸਾਬ ਨਾਲ ਫ਼ਲ ਤੇ ਸਬਜ਼ੀਆਂ ਤੋਂ ਉਨ੍ਹਾਂ ਨੂੰ ਲਗਾਤਾਰ ਆਮਦਨ ਹੁੰਦੀ ਰਹਿੰਦੀ ਹੈ। ਕਿਸਾਨ ਕੁਲਜਿੰਦਰ ਸਿੰਘ ਦੀ ਉੱਪਜ ਦੀ ਖਾਸ ਗੱਲ ਇਹ ਹੈ ਕਿ ਉਹ ਕਿਸੇ ਵੀ ਫ਼ਸਲ ਉੱਪਰ ਜ਼ਹਿਰਾਂ ਦਾ ਛਿੜਕਾਅ ਨਹੀਂ ਕਰਦੇ ਅਤੇ ਉਨ੍ਹਾਂ ਦੇ ਉਤਪਾਦ ਪੂਰੀ ਤਰਾਂ ਆਰਗੈਨਿਕ ਹੁੰਦੇ ਹਨ। ਕਿਸਾਨ ਕੁਲਜਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਅੰਮ੍ਰਿਤਸਰ-ਪਠਾਨਕੋਟ ਜਰਨੈਲੀ ਸੜਕ ਉੱਪਰ `ਕਿਸਾਨ ਹੱਟ` ਨਾਮ ਦਾ ਆਪਣਾ ਸੇਲਿੰਗ ਪੁਆਇੰਟ ਵੀ ਬਣਾਇਆ ਹੋਇਆ ਹੈ ਜਿਥੇ ਉਹ ਆਪਣੇ ਖੇਤਾਂ ਵਿੱਚ ਤਿਆਰ ਉਤਪਾਦਾਂ ਨੂੰ ਵੇਚਦੇ ਹਨ। ਉਨ੍ਹਾਂ ਦੇ ਉਤਪਾਦ ਉੱਚ ਗੁਣਵਤਾ ਅਤੇ ਤਾਜ਼ਾ ਹੋਣ ਕਾਰਨ ਗ੍ਰਾਹਕ ਏਥੋਂ ਸਮਾਨ ਲੈਣ ਨੂੰ ਤਰਜੀਹ ਦਿੰਦੇ ਹਨ। ਕਿਸਾਨ ਕੁਲਜਿੰਦਰ ਸਿੰਘ ਸਾਰੀ ਖੇਤੀ ਆਪਣੇ ਹੱਥੀਂ ਕਰਦੇ ਹਨ। ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਦਾ ਉਸਨੇ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਇਹ ਖੇਤੀ ਮਾਡਲ ਅਪਣਾਇਆ ਹੈ ਓਦੋਂ ਦੀ ਉਸਦੀ ਆਮਦਨ ਵੀ ਵਧੀ ਹੈ ਅਤੇ ਹੁਣ ਸਾਰਾ ਸਾਲ ਹੀ ਉਸ ਨੂੰ ਕਮਾਈ ਹੁੰਦੀ ਰਹਿੰਦੀ ਹੈ। ਉਸਨੇ ਆਪਣੇ ਸਾਥੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫਸਲਾਂ ਦੀ ਵੀ ਬਿਜਾਈ ਕਰਨ ਜਿਸ ਨਾਲ ਉਨ੍ਹਾਂ ਦੀ ਆਮਦਨੀ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਚੋਖਾ ਵਾਧਾ ਹੋਵੇਗਾ।