
ਬਟਾਲਾ, 11 ਮਾਰਚ 2025 : ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਧੀਨ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ ਦੇ ਮੰਤਵ ਨਾਲ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਅਤੇ ਕਾਲਜ ਦੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਦੀ ਦੇਖਰੇਖ ਹੇਠ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਉਦਮਿਤਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਐਮ ਐਸ ਐਮ ਈ, ਵਿਕਾਸ ਦਫ਼ਤਰ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰੇਰਣਾ ਅਤੇ ਜਾਣਕਾਰੀ ਦੇਣ ਲਈ ਐਮ ਐਸ ਐਮ ਈ ਤੋਂ ਅਸਿਸਟੈਂਟ ਡਾਇਰੈਕਟਰ ਵਜੀਰ ਸਿੰਘ ਅਤੇ ਅਨਿਲ ਬਹਿਲ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਤੋੰ ਇਲਾਵਾ ਐਲ ਡੀ ਐਮ ਗੁਰਦਾਸਪੁਰ ਰਾਜਨ ਮਲਹੋਤਰਾ, ਡੀ ਆਈ ਸੀ ਤੋ ਨਵਨੀਤ ਕੌਰ ਅਤੇ ਉੱਘੇ ਸਮਾਜ ਸੇਵੀ ਅਤੇ ਉਦਮੀ ਜਸਵੰਤ ਪਠਾਨੀਆ ਨੇ ਵੀ ਵਿਦਿਆਰਥੀਆਂ ਨੁੂੰ ਭਰਪੂਰ ਜਾਣਕਾਰੀ ਦਿੱਤੀ ਅਤੇ ਸਵੈ-ਰੋਜ਼ਗਾਰ ਲਈ ਉਤਸਾਹਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨੇ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਨਾਲੋਂ ਨੌਕਰੀ ਦੇਣ ਵਾਲਾ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਆਪਣਾ ਡਿਪਲੋਮਾ ਪੂਰਾ ਕਰਨ ਵਾਲੇ ਜਿਆਦਾਤਰ ਵਿਦਿਆਰਥੀ ਨੌਕਰੀ ਕਰਨਾ ਚਾਹੁੰਦੇ ਹਨ ਪਰ ਫੇਰ ਵੀ ਉਨ੍ਹਾਂ ਨੂੰ ਸਵੈ-ਰੋਜ਼ਗਾਰ ਦੇ ਵਿਕਲਪ ਬਾਰੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਸਰਕਾਰ ਵੱਲੋੰ ਚਲਾਈਆਂ ਜਾਣ ਵਾਲੀਆਂ ਸਵੈ-ਰੋਜਗਾਰ ਸਬੰਧੀ ਸਕੀਮਾਂ ਦਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਵੈ-ਰੋਜਗਾਰ ਨਾਲ ਵਿਦਿਆਰਥੀ ਆਪਣੇ ਨਾਲ ਹੋਰਾਂ ਲਈ ਵੀ ਰੋਜਗਾਰ ਦੇ ਵਿਕਲਪ ਪੈਦਾ ਕਰ ਸਕਦੇ ਹਨ।ਵਿਦਿਆਰਥੀਆਂ ਵਿੱਚ ਉੱਦਮਤਾ ਦੇ ਹੁਨਰ ਦੀ ਬਹੁਤ ਲੋੜ ਹੈ ਅਤੇ ਵਿਦਿਆਰਥੀਆਂ ਨੂੰ ਸਮਾਂ ਰਹਿੰਦਿਆਂ ਹੀ ਆਪਣੇ ਵਿੱਚ ਉਹ ਸਾਰੇ ਬਦਲਾਅ ਲਿਆਉਣੇ ਚਾਹੀਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਆਉਣ ਵਾਲਾ ਭਵਿੱਖ ਉਜਵਲ ਬਣ ਸਕੇ। ਇਸ ਮੌਕੇ ਆਏ ਮਾਹਰਾਂ ਨੇ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਵੱਲ ਜਾਣ ਲਈ ਉਦਾਹਰਨਾਂ ਦੇ ਕੇ ਪ੍ਰੇਰਿਤ ਕੀਤਾ। ਉਨ੍ਹਾਂ ਨੇ ਉੱਦਮੀਆਂ ਨੂੰ ਮਿਲਣ ਵਾਲੀਆਂ ਵੱਖ ਵੱਖ ਸਹੂਲਤਾਂ ਅਤੇ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਅੱਜ ਦਾ ਇੱਕ ਵਿਦਿਆਰਥੀ ਸਵੈ-ਰੋਜ਼ਗਾਰ ਦੀ ਚੋਣ ਕਰਕੇ ਆਪਣਾ ਭਵਿੱਖ ਸੁਨਹਿਰਾ ਬਣਾ ਸਕਦਾ ਹੈ ਅਤੇ ਨਾਲ ਹੀ ਸਮਾਜ ਵਿੱਚ ਵੀ ਅਹਿਮ ਯੋਗਦਾਨ ਪਾ ਸਕਦਾ ਹੈ। ਜਸਵੰਤ ਪਠਾਨੀਆ ਨੇ ਆਪਣੇ ਜੀਵਨ ਵਿੱਚ ਆਮ ਪੇੰਟਰ ਤੋਂ ਸਫਲ ਉਦਮੀ ਤੱਕ ਦੇ ਸਫਰ ਤੋਂ ਵਿਦਿਆਰਥੀਆਂ ਨੁੂੰ ਜਾਣੂ ਕਰਵਾਇਆ। ਪ੍ਰੋਗਰਾਮ ਦੇ ਅੰਤ ਵਿੱਚ ਪਲੇਸਮੈੰਟ ਅਫਸਰ ਜਸਬੀਰ ਸਿੰਘ ਨੇ ਆਏ ਹੋਏ ਮਾਹਿਰਾਂ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਵਿਦਿਆਰਥੀ ਪ੍ਰੋਗਰਾਮ ਦੌਰਾਨ ਮਿਲੀ ਜਾਣਕਾਰੀ ਦਾ ਪੂਰਾ ਲਾਭ ਲੈਣਗੇ। ਇਸ ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਅਫਸਰ ਇੰਚਾਰਜ ਸ਼ਿਵ ਰਾਜਨ ਪੁਰੀ, ਹਰਜਿੰਦਰਪਾਲ ਸਿੰਘ, ਵਿਜੇ ਮਿਨਹਾਸ, ਮੈਡਮ ਰੇਖਾ ਅਤੇ ਜਗਦੀਪ ਸਿੰਘ ਵੀ ਹਾਜਰ ਸਨ।