ਤਰਨਤਾਰਨ, 14 ਜੁਲਾਈ : ਤਰਨਤਾਰਨ ਜ਼ਿਲ੍ਹੇ ਦੇ ਸਰਾਏ ਅਮਾਨਤ ਖਾਂ ਥਾਣੇ ਵਿੱਚ ਇੱਕ ਪੈਟਰੋਲ ਪੰਪ ਨੂੰ ਲੁੱਟਣ ਅਤੇ ਫਿਰ ਸੁਰ ਸਿੰਘ ਪਿੰਡ ਵਿੱਚ ਇੱਕ ਹੋਰ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ ਨਾਲ ਪੁਲਿਸ ਦਾ ਮੁਕਾਬਲਾ ਹੋ ਗਿਆ ਹੈ। ਇਸ ਮੁਕਾਬਲੇ 'ਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ ਹੈ। ਜਿਸ 'ਚ ਇੱਕ ਲੁਟੇਰੇ ਦੀ ਮੌਤ ਹੋ ਗਈ ਹੈ, ਜਦੋਂ ਕੇ ਦੂਜਾ ਲੁਟੇਰਾ ਗੰਭੀਰ ਜ਼ਖਮੀ ਹੈ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਲੁੱਟ ਦੀ ਵਾਰਦਾਤ ਤੋਂ ਬਾਅਦ ਪੁਲਿਸ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ। ਜਿਸ ਨੂੰ ਦੇਖ ਲੁਟੇਰਿਆਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਦੋਵਾਂ ਲੁਟੇਰਿਆਂ ਨੂੰ ਗੋਲੀ ਮਾਰ ਦਿੱਤੀ। ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਅਤੇ ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਚੁਕੀ ਹੈ ਜਦਕਿ ਦੂਜੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਸਰਾਏ ਅਮਾਨਤ ਖਾਨ ਦੀ ਦੱਸੀ ਜਾ ਰਹੀ ਹੈ। ਇਹ ਲੁਟੇਰੇ ਵੱਖ-ਵੱਖ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ-ਖੋਹ ਕਰਦੇ ਸਨ। ਲੁਟੇਰਿਆਂ ਨੇ ਸ਼ੁੱਕਰਵਾਰ ਸ਼ਾਮ ਨੂੰ 2 ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਉਥੋਂ ਫ਼ਰਾਰ ਹੋ ਗਏ ਪਰ ਵਿਚਕਾਰ ਹੀ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਪੁਲਸ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਮਾਲਕਾਂ ਦੇ ਬਿਆਨਾਂ ਦੇ ਆਧਾਰ 'ਤੇ ਫਿਲਹਾਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।